ਯੋਜਕ ਦੀ ਪਰਿਭਾਸ਼ਾ ਤੇ ਪ੍ਰਕਾਰ ਲਿਖੋ : Definition of Conjunction in Punjabi Language and its Types. Yojak and it's kinds in Punjabi
ਯੋਜਕ ਦੀ ਪਰਿਭਾਸ਼ਾ ਤੇ ਪ੍ਰਕਾਰ Conjunction and Its Types in Punjabi Language
ਯੋਜਕ ਦਾ ਸ਼ਾਬਦਿਕ ਅਰਥ ਹੈ ਜੋੜਨਾ ਜਾਂ ਜੋੜਨ ਵਾਲਾ। ਦੋ ਜਾਂ ਦੋ ਤੋਂ ਵੱਧ ਸ਼ਬਦਾਂ ਜਾਂ ਵਾਕਾਂ ਨੂੰ ਆਪਸ ਵਿੱਚ ਜੋੜਨਾ ।
ਪਰਿਭਾਸ਼ਾ : ਜਿਹੜੇ ਸ਼ਬਦ ਵਾਕ ਵਿੱਚ ਦੋ ਸ਼ਬਦਾਂ, ਵਾਕਾਂਸ਼ਾਂ, ਜਾਂ ਵਾਕਾਂ ਨੂੰ ਆਪਸ ਵਿੱਚ ਜੋੜਨ, ਉਹਨਾਂ ਨੂੰ ਯੋਜਕ ਕਿਹਾ ਜਾਂਦਾ ਹੈ।
ਜਿਵੇਂ : -
1. ਹਾਕੀ ਅਤੇ ਕ੍ਰਿਕਟ ਦੋਵੇਂ ਅੰਤਰਰਾਸ਼ਟਰੀ ਖੇਡਾਂ ਹਨ।
2. ਮੈਨੂੰ ਵਿਸ਼ਵਾਸ ਹੈ ਕਿ ਉਹ ਬਿਮਾਰ ਨਹੀਂ ਸਗੋਂ ਬਹਾਨਾ ਕਰਦਾ ਹੈ।
3. ਅਸੀਂ ਉਸ ਦੀ ਮਦਦ ਨਹੀਂ ਕਰ ਸਕਦੇ ਕਿਉਂਕਿ ਉਹ ਆਦਮੀ ਬੜਾ ਨਾਸ਼ੁਕਰਾ ਹੈ।
ਉਪਰੋਕਤ ਵਾਕਾਂ ਵਿੱਚ ‘ਅਤੇ’, ‘ਕਿ` ਅਤੇ “ਕਿਉਂਕਿ' ਸ਼ਬਦ ਯੋਜਕ ਹਨ।
ਯੋਜਕ ਦੋ ਪ੍ਰਕਾਰ ਦੇ ਹੁੰਦੇ ਹਨ :
- ਸਮਾਨ-ਯੋਜਕ
- ਅਧੀਨ-ਯੋਜਕ
1. ਸਮਾਨ-ਯੋਜਕ :
ਜਿਹੜੇ ਸ਼ਬਦ ਸਮਾਨ ਜਾਂ ਬਰਾਬਰ ਦੇ ਸ਼ਬਦਾਂ, ਵਾਕਾਂਸ਼ਾਂ ਜਾਂ ਵਾਕਾਂ ਨੂੰ ਜੋੜਨ, ਉਹਨਾਂ ਨੂੰ ਸਮਾਨ ਯੋਜਕ ਕਿਹਾ ਜਾਂਦਾ ਹੈ , ਜਿਵੇਂ :
- ਰਾਮ ਅਤੇ ਸ਼ਾਮ ਦਾ ਕੱਦ ਇੱਕੋ-ਜਿਹਾ ਹੈ।
- ਚਾਹ ਵੀ ਪੀਓ ਤੇ ਰੋਟੀ ਵੀ ਖਾਓ।
- ਉਹ ਬੁਜ਼ਦਿਲ ਨਹੀਂ ਸਗੋਂ ਬਹਾਦਰ ਹੈ।
ਉਪਰੋਕਤ ਵਾਕਾਂ ਵਿੱਚ ‘ਅਤੇ’, ‘ਤੇ’, ‘ਸਗੋਂ’ ਸਮਾਨ-ਯੋਜਕ ਹਨ।
2 ਅਧੀਨ-ਯੋਜਕ :
ਜਿਹੜੇ ਸ਼ਬਦ ਇੱਕ ਪ੍ਰਧਾਨ ਉਪਵਾਕ ਨੂੰ ਅਧੀਨ ਉਪਵਾਕ ਜਾਂ ਉਪਵਾਕਾਂ ਨਾਲ ਜੋੜਨ ਉਹਨਾਂ ਨੂੰ ਅਧੀਨ-ਯੋਜਕ ਕਿਹਾ ਜਾਂਦਾ ਹੈ ਜਿਵੇਂ :
- ਮੈਂ ਤੁਹਾਡੇ ਉੱਤੇ ਪੈਸੇ ਖ਼ਰਚਦਾ ਹਾਂ ਤਾਂਕਿ ਤੁਸੀਂ ਕੁਝ ਬਣ ਸਕੋ ।
- ਭਾਵੇਂ ਉਹ ਗਰੀਬ ਹੈ ਫਿਰ ਵੀ ਇਮਾਨਦਾਰ ਹੈ।
- ਮੈਂ ਜਾਣਦਾ ਹਾਂ ਕਿ ਤੂੰ ਕਿੰਨੇ ਕੁ ਪਾਣੀ ਵਿੱਚ ਹੈਂ।
ਉਪਰੋਕਤ ਵਾਕਾਂ ਵਿੱਚ ‘ਤਾਂਕਿ’, ‘ਫਿਰ ਵੀ’, ‘ਕਿ` ਆਦਿ ਸ਼ਬਦ ਅਧੀਨ ਯੋਜਕ ਹਨ।