Punjabi Story on "The Wise Crow", “ਸਿਆਣਾ ਕਾਂ ਕਹਾਣੀ”, "Chalak Kauwa Punjabi Kahani for Students
ਇੱਕ ਵਾਰੀ ਦੀ ਗੱਲ ਹੈ ਕਿ ਇੱਕ ਰਾਜੇ ਦਾ ਬੜਾ ਸੋਹਣਾ ਬਾਗ ਸੀ। ਬਾਗ਼ ਦੇ ਵਿਚਕਾਰ ਇੱਕ ਵੱਡਾ ਸਾਰਾ ਤਲਾਅ ਸੀ। ਰਾਜਕੁਮਾਰ ਹਰ ਰੋਜ਼ ਇਸ ਬਾਗ਼ ਵਿੱਚ ਟਹਿਲਦਾ ਸੀ। ਟਹਿਲਣ ਤੋਂ ਬਾਅਦ ਰਾਜਕੁਮਾਰ ਤਲਾਅ ਵਿੱਚ ਇਸ਼ਨਾਨ ਕਰਦਾ ਸੀ।
ਤਲਾਅ ਤੋਂ ਕੁਝ ਹਟਵਾਂ ਦੱਖਣ ਦਿਸ਼ਾ ਵੱਲ ਦੇ ਪਾਸੇ ਇੱਕ ਬਹੁਤ ਪੁਰਾਣਾ ਬੋਹੜ ਸੀ। ਇਸ ਬੋਹੜ ਤੇ ਇੱਕ ਕਾਂ ਅਤੇ ਕਾਂਉਣੀ ਦਾ ਜੋੜਾ ਰਹਿੰਦਾ ਸੀ। ਇਸੇ ਬੋਹੜ ਦੀ ਖੋੜ ਵਿੱਚ ਇੱਕ ਕਾਲਾ ਸੱਪ ਵੀ ਰਹਿੰਦਾ ਸੀ। ਜਦੋਂ ਵੀ ਕਾਂਉਣੀ ਆਂਡੇ ਦਿੰਦੀ ਤਾਂ ਸੱਪ ਅੱਖ ਬਚਾ ਕੇ ਆਂਡੇ ਪੀ ਜਾਂਦਾ। ਕਾਂ ਅਤੇ ਕਾਂਉਣੀ ਦੋਵੇਂ ਇਸ ਸੱਪ ਤੋਂ ਬਹੁਤ ਦੁਖੀ ਸਨ। ਪਰ ਜ਼ੋਰਾਵਰ ਸੱਪ ਦਾ ਉਹ ਕੁਝ ਵੀ ਵਿਗਾੜ ਨਹੀਂ ਸੀ ਸਕਦੇ।
ਪੰਛੀਆਂ ਵਿੱਚ ਕਾਂ ਨੂੰ ਸਭ ਤੋਂ ਵੱਧ ਸਿਆਣਾ ਸਮਝਿਆ ਜਾਂਦਾ ਹੈ | ਕਾਫੀ ਸੋਚ-ਵਿਚਾਰ ਕਰਨ ਤੋਂ ਬਾਅਦ ਕਾਂ ਨੇ ਇੱਕ ਵਿਓਂਤ ਸੋਚੀ। ਇੱਕ ਦਿਨ ਜਦੋਂ ਰਾਜਕੁਮਾਰ ਤਲਾਅ ’ਤੇ ਨਾਉਣ ਲਈ ਆਇਆ ਤਾਂ ਕਾਂ ਵੀ ਨੇੜੇ ਦੇ ਰੁੱਖ ਤੇ ਆ ਬੈਠਾ। ਰਾਜਕੁਮਾਰ ਨੇ ਹੌਲੀ-ਹੌਲੀ ਸਾਰੇ ਕੱਪੜੇ ਲਾਹੇ ਅਤੇ ਗਲੇ ਵਿੱਚੋਂ ਸੋਨੇ ਦਾ ਹਾਰ ਵੀ ਲਾਹ ਕੇ ਕੱਪੜਿਆਂ ਉੱਪਰ ਰੱਖ ਦਿੱਤਾ। ਜਿਉਂ ਹੀ ਰਾਜਕੁਮਾਰ ਤਲਾਅ 'ਚ ਨਾਉਣ ਗਿਆ ਤਾਂ ਕਾਂ ਨੇ ਸੋਨੇ ਦਾ ਹਾਰ ਆਪਣੀ ਚੁੰਝ ਵਿੱਚ ਚੁੱਕ ਲਿਆ ਅਤੇ ਸਹਿਜੇ-ਸਹਿਜੇ ਉੱਡਦਾ ਹੋਇਆ ਬੋਹੜ ਦੇ ਦਰਖ਼ਤ ਵੱਲ ਵਧਿਆ। ਰਾਜਕੁਮਾਰ ਨੇ ਕਾਂ ਨੂੰ ਹਾਰ ਚੁੱਕਦਿਆਂ ਵੇਖ ਲਿਆ ਸੀ। ਉਸ ਨੇ ਆਪਣੇ ਸਿਪਾਹੀਆਂ ਨੂੰ ਕਾਂ ਦਾ ਪਿੱਛਾ ਕਰਨ ਲਈ ਦੁੜਾਇਆ | ਕਾਂ ਨੇ ਉਹ ਹਾਰ ਸੱਪ ਦੀ ਖੋੜ ਵਿੱਚ ਸੁੱਟ ਦਿੱਤਾ। ਸਿਪਾਹੀ ਕਾਂ ਦਾ ਪਿੱਛਾ ਕਰਦੇ ਹੋਏ ਬੋਹੜ ਦੇ ਦਰਖ਼ਤ ਹੇਠਾਂ ਪਹੁੰਚ ਗਏ। ਉਹਨਾਂ ਨੇ ਕਾਂ ਨੂੰ ਹਾਰ ਸੁੱਟਦਿਆਂ ਵੇਖ ਲਿਆ। ਸਿਪਾਹੀਆਂ ਨੇ ਡਾਂਗ ਨਾਲ ਖੋੜ ਚੋਂ ਹਾਰ ਕੱਢਣਾ ਚਾਹਿਆ। ਖ਼ਤਰਾ ਭਾਂਪ ਕੇ ਸੱਪ ਖੋੜ ਵਿੱਚੋਂ ਬਾਹਰ ਨਿਕਲ ਆਇਆ। ਰਾਜੇ ਦੇ ਸਿਪਾਹੀਆਂ ਨੇ ਡਾਂਗਾਂ ਮਾਰ-ਮਾਰ ਕੇ ਸੱਪ ਨੂੰ ਮਾਰ ਮੁਕਾਇਆ ਅਤੇ ਹਾਰ ਨੂੰ ਖੋੜ ਵਿੱਚੋਂ ਬਾਹਰ ਕੱਢ ਲਿਆ। ਰਾਜਕੁਮਾਰ ਹਾਰ ਪ੍ਰਾਪਤ ਕਰਕੇ ਬਹੁਤ ਖ਼ੁਸ਼ ਹੋਇਆ।
ਕਾਂ ਅਤੇ ਕਾਂਉਣੀ ਬੋਹੜ ’ਤੇ ਬੈਠੇ ਸਭ ਕੁਝ ਦੇਖ ਰਹੇ ਸਨ। ਉਹ ਸੱਪ ਨੂੰ ਮਰਿਆ ਵੇਖ ਕੇ ਬਹੁਤ ਖੁਸ਼ ਹੋਏ। ਹੁਣ ਉਹਨਾਂ ਦਾ ਦੁਸ਼ਮਣ ਸਦਾ ਲਈ ਮਰ ਚੁੱਕਿਆ ਸੀ। ਅੱਗੋਂ ਲਈ ਉਹਨਾਂ ਦੇ ਆਂਡਿਆਂ ਨੂੰ ਕੋਈ ਖ਼ਤਰਾ ਨਹੀਂ ਰਿਹਾ ਸੀ। ਉਹ ਆਪਣੇ ਪਰਿਵਾਰ ਵਿੱਚ ਵਾਧਾ ਕਰ ਸਕਦੇ ਸਨ । ਇਸ ਤਰ੍ਹਾਂ ਕਾਂ ਨੇ ਆਪਣੀ ਸਿਆਣਪ ਨਾਲ ਆਪਣੇ ਤੋਂ ਤਾਕਤਵਰ ਦੁਸ਼ਮਣ ਨੂੰ ਮਾਰ ਮੁਕਾਇਆ। ਕਾਂ ਅਤੇ ਕਾਂਉਣੀ ਸੁਖੀ-ਸੁਖੀ ਰਹਿਣ ਲੱਗੇ।
ਸਿੱਖਿਆ : - ਮੁਸੀਬਤ ਸਮੇਂ ਸਿਆਣਪ ਹੀ ਕੰਮ ਆਉਂਦੀ ਹੈ ।
ਜਾਂ
ਸਾਨੂੰ ਮੁਸੀਬਤ ਸਮੇਂ ਘਬਰਾਉਣਾ ਨਹੀਂ ਚਾਹੀਦਾ ਸਗੋਂ ਸਿਆਣਪ ਤੋਂ ਕੰਮ ਲੈਣਾ ਚਾਹੀਦਾ ਹੈ।