Proverbs in Punjabi Language, “ਪੰਜਾਬੀ ਕਹਾਵਤਾਂ / ਅਖਾਣ”, "Punjabi Kahawatein" in Punjabi for Students
1. ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖਲੀ - (ਇਹ ਅਖਾਣ ਹਰ ਥਾਂ ਮੌਜੂਦ ਰਹਿਣ ਵਾਲੇ ਵਿਅਕਤੀ ਲਈ ਵਰਤਿਆ ਜਾਂਦਾ ਹੈ) ਸੁਨੀਲ ਨੂੰ ਸਵੇਰੇ ਮੈਂ ਬਜ਼ਾਰ ਮਿਲਿਆ, ਸ਼ਾਮੀਂ ਗੂਰਦਵਾਰੇ ਫਿਰਦਾ ਸੀ। ਰਾਤ ਵੇਲੇ ਸਰਪੰਚ ਦੇ ਘਰ ਵਿਆਹ ’ਤੇ ਵੀ ਪੁੱਜਿਆ ਹੋਇਆ ਸੀ, ਉਸ ਨੂੰ ਵੇਖ ਕੇ ਮੈਂ ਕਿਹਾ, “ਸੁਨੀਲ, ਤੇਰੀ ਤਾਂ ਉਹ ਗੱਲ ਹੈ, ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖਲੀ।
2. ਉਹ ਦਿਨ ਡੁੱਬਾ ਜਦੋਂ ਘੋੜੀ ਚੜਿਆ ਕੁੱਬਾ - (ਇਹ ਅਖਾਣ ਉਸ ਨਿਕੰਮੇ ਆਦਮੀ ਲਈ ਵਰਤਿਆ ਜਾਂਦਾ ਹੈ, ਜਿਹੜਾ ਗੱਲਾਂ ਬਹੁਤ ਕਰੇ ਪਰ ਕੋਈ ਕੰਮ ਨਾ ਕਰ ਸਕਦਾ ਹੋਵੇ) ਹਰਪ੍ਰੀਤ ਕਿਤਾਬਾਂ ਨੂੰ ਹੱਥ ਨਹੀਂ ਲਾਉਂਦਾ ਪਰ ਉਹ ਆਪਣੇ ਕਈ ਦੋਸਤਾਂ ਅੱਗੇ ਗੱਪਾਂ ਮਾਰ ਰਿਹਾ ਸੀ ਕਿ ਉਹ ਸਦਾ ਮੈਰਿਟ ਵਿੱਚ ਆਉਂਦਾ ਹੈ। ਇਹ ਗੱਲ ਜਦੋਂ ਮੈਨੂੰ ਪਤਾ ਲੱਗੀ ਤਾਂ ਮੈਂ ਕਿਹਾ, “ਉਹ ਦਿਨ ਡੁੱਬਾ ਜਦੋਂ ਘੋੜੀ ਚੜ੍ਹਿਆ ਕੁੱਬਾ।
3. ਉਲਟੀ ਵਾੜ ਖੇਤ ਨੂੰ ਖਾਏ - (ਇਹ ਅਖਾਣ ਉਸ ਸਮੇਂ ਵਰਤਿਆ ਜਾਂਦਾ ਹੈ ਜਦੋਂ ਹਾਕਮ ਹੀ ਪਰਜਾ ਨੂੰ ਦੁੱਖ ਦੇਣ ਲੱਗ ਪੈਣ) ਗੁਰੂ ਨਾਨਕ ਦੇਵ ਜੀ ਦੇ ਸਮੇਂ ਦਾ ਚਿੱਤਰ ਪੇਸ਼ ਕਰਦਿਆਂ ਭਾਈ ਗੁਰਦਾਸ ਨੇ ਕਿਹਾ ਹੈ ਕਿ ਉਸ ਸਮੇਂ ਦੇ ਹਾਕਮ ਜਨਤਾ 'ਤੇ ਜ਼ੁਲਮ ਕਰਦੇ ਸਨ, ਉਹਨਾਂ ਦੀ ਤਾਂ ਉਲਟੀ ਵਾੜ ਖੇਤ ਨੂੰ ਖਾਣ ਵਾਲੀ ਗੱਲ ਸੀ।
4. ਅਕਲ ਦਾ ਅੰਨ੍ਹਾ ਤੇ ਗੰਢ ਦਾ ਪੂਰਾ - (ਉਹ ਆਦਮੀ ਜਿਹੜਾ ਅਮੀਰ ਹੋਵੇ ਪਰ ਬੇਸਮਝ ਹੋਵੇ) ਚੌਧਰੀ ਹੁਰਾਂ ਨੂੰ ਪਾਰਟੀ ਨੇ ਟਿਕਟ ਤਾਂ ਦਿੱਤੀ ਹੈ ਪਰ ਲੋਕ ਉਸ ਬਾਰੇ ਇਲਾਕੇ ਵਿੱਚ ਇਹ ਆਖਦੇ ਸੁਣੇ ਜਾਂਦੇ ਹਨ ਕਿ ਉਹ ਅਕਲ ਦਾ ਅੰਨ੍ਹਾ ਤੇ ਗੰਢ ਦਾ ਪੂਰਾ ਹੈ।ਉਹ ਲੋਕਾਂ ਦਾ ਕੁਝ ਨਹੀਂ ਸੁਆਰ ਸਕਦਾ।
5 . ਇੱਕ, ਇੱਕ ਤੇ ਦੋ ਗਿਆਰਾਂ - (ਇਹ ਅਖਾਣ ਏਕਤਾ ਦੀ ਮਹੱਤਤਾ ਦਰਸਾਉਣ ਲਈ ਵਰਤਿਆ ਜਾਂਦਾ ਹੈ। ਘਰ ਵਿੱਚ ਇਕੱਲੀ ਰਹਿੰਦੀ ਬਜ਼ੁਰਗ ਇਸਤਰੀ ਨੇ ਆਪਣੀ ਭੈਣ ਨੂੰ ਆਪਣੇ ਕੋਲ ਇਹ ਕਹਿ ਕੇ ਰੱਖ ਲਿਆ ਕਿ ਇੱਕ, ਇੱਕ ਤੇ ਦੋ ਗਿਆਰ੍ਹਾਂ ਹੁੰਦੇ ਹਨ।
6. ਇੱਕ ਅਨਾਰ ਸੌ ਬਿਮਾਰ - ਕਿਸੇ ਵਸਤੂ ਦੀ ਮੰਗ ਜ਼ਿਆਦਾ ਤੇ ਵਸਤੂ ਘੱਟ ਹੋਣੀ) ਪਰਮਜੀਤ ਵਿਦੇਸ਼ੋਂ ਇੱਕ ਲੈਪਟਾਪ ਲਿਆਇਆ ਸੀ ਪਰ ਉਸ ਦੇ ਚਾਰ ਦੋਸਤਾਂ ਨੇ ਇਸ ਦੀ ਮੰਗ ਪਾਈ ਪਰਮਜੀਤ ਨੇ ਹੱਸ ਕੇ ਕਿਹਾ ਕਿ “ਇੱਕ ਅਨਾਰ, ਸੌ ਬਿਮਾਰ ।
7. ਈਦ ਪਿੱਛੋਂ ਤੰਬਾ ਫੂਕਣਾ ? - (ਲੋੜ ਦੇ ਸਮੇਂ ਤੋਂ ਬਾਅਦ ਵਸਤੁ ਮਿਲਨ ’ਤੇ ਵਰਤਿਆ ਜਾਂਦਾ ਹੈ) ਮਨਰੀਤ ਨੇ ਹਰਦੀਪ ਨੂੰ ਕਿਹਾ ਕਿ ਮੈਨੂੰ ਆਪਣਾ ਕੋਟ ਪਾਉਣ ਲਈ ਦੇਵੀਂ, ਮੈਂ ਇੱਕ ਪਾਰਟੀ 'ਤੇ ਜਾਣਾ ਹੈ। ਹਰਦੀਪ ਨੇ ਕਿਹਾ ਕਿ ਉਹ ਤਾਂ ਡਾਈਕਲੀਨਰ ਕੋਲ ਭੇਜਿਆ ਹੋਇਆ ਹੈ, ਪਰਸੋਂ ਲੈ ਜਾਈਂ। ਇਸ ’ਤੇ ਮਨਰੀਤ ਨੇ ਕਿਹਾ ਕਿ ਈਦ ਪਿੱਛੋਂ ਮੈਂ ਤੰਬਾ ਫੁਕਣਾ ਏ ? ਲੋੜ ਤਾਂ ਮੈਨੂੰ ਅੱਜ ਸੀ।
8 . ਸੱਦੀ ਨਾ ਬੁਲਾਈ, ਮੈਂ ਲਾੜੇ ਦੀ ਤਾਈ - ਜਦੋਂ ਕੋਈ ਬਿਨਾਂ ਪੁੱਛੇ ਹੀ ਆਪਣੀ ਸਲਾਹ ਦੇਵੇ) ਰਾਜੁ ਤੇ ਉਸ ਦਾ ਪਿਓ ਕਿਸੇ ਗੱਲੋਂ ਝਗੜ ਰਹੇ ਸਨ। ਉਸ ਵੇਲੇ ਰਾਜੀਵ ਸ਼ਰਮਾ ਉਹਨਾਂ ਨੂੰ ਝਗੜਾ ਨਾ ਕਰਨ ਲਈ ਸਮਝਾਉਣ ਲੱਗਾ। ਤਦ ਗੁੱਸੇ ਵਿੱਚ ਆਏ ਹੋਏ ਪਿਓ ਨੇ ਕਿਹਾ,"ਤੂੰ ਕੌਣ ਹੁੰਦਾ ਹੈਂ ਵਿੱਚ ਬੋਲਣ ਵਾਲਾ ਅਖੇ ਸੱਦੀ ਨਾ ਬੁਲਾਈ, ਮੈਂ ਲਾੜੇ ਦੀ ਤਾਈ।”
9. ਗਰੀਬਾਂ ਰੱਖੇ ਰੋਜ਼ੇ ਦਿਨ ਵੱਡੇ ਆਏ - (ਜਦੋਂ ਕਿਸੇ ਗਰੀਬ ਦੇ ਕੰਮ ਵਿੱਚ ਵਾਰ-ਵਾਰ ਵਿਘਨ ਪਵੇ) ਗੁਰਮੀਤ ਨੇ ਇੱਕ ਟੈਂਪੂ ਪਾ ਲਿਆ। ਪਹਿਲੇ ਮਹੀਨੇ ਹੀ ਐਕਸੀਡੈਂਟ ਹੋ ਗਿਆ ਅਤੇ ਟੈਂਪੂ ਦਾ ਨੁਕਸਾਨ ਹੋ ਗਿਆ। ਗੁਰਮੀਤ ਵਾਲੀ ਤਾਂ ਉਹ ਗੱਲ ਬਣੀ, “ਗਰੀਬਾਂ ਰੱਖੇ ਰੋਜ਼ੇ ਤੇ ਦਿਨ ਵੱਡੇ ਆਏ।
10. ਗਾਂ ਨਾ ਵੱਛੀ ਤੇ ਨੀਂਦਰ ਆਵੇ ਅੱਛੀ - (ਜਿਸ ਦੇ ਸਿਰ 'ਤੇ ਕੋਈ ਜੁੰਮੇਵਾਰੀ ਨਾ ਹੋਵੇ) - ਦਮਨ ਹਰ ਸਮੇਂ ਖੁਸ਼ ਰਹਿੰਦਾ ਹੈ ਕਿਉਂਕਿ ਉਹ ਛੜਾ-ਛੜੱਗ ਹੈ ਤੇ ਕੋਈ ਜੁੰਮੇਵਾਰੀ ਨਹੀਂ, ਉਸ ਦੀ ਤਾਂ ਉਹ ਗੱਲ ਹੈ, “ਗਾਂ ਨਾ ਵੱਛੀ ਤੇ ਨੀਂਦਰ ਆਵੇ ਅੱਛੀ।
11. ਡਿਗੀ ਖੋਤੇ ਤੋਂ, ਗੁੱਸਾ ਘੁਮਿਆਰ ’ਤੇ – (ਕਸੂਰ ਕਿਸੇ ਹੋਰ ਦਾ ਹੋਵੇ ਅਤੇ ਗੁੱਸਾ ਕਿਸੇ ਹੋਰ ’ਤੇ ਕੀਤਾ ਜਾਵੇ) ਨਵਦੀਪ ਤੇ ਹਰਦੀਪ ਦਫ਼ਤਰ ਵਿੱਚ ਕਿਸੇ ਗੱਲੋਂ ਝਗੜ ਪਏ। ਥੋੜੀ ਦੇਰ ਬਾਅਦ ਜਦੋਂ ਰਤਨਚੰਦ ਨੇ ਹਰਦੀਪ ਤੋਂ ਫ਼ਾਈਲ ਮੰਗੀ ਤਾਂ ਉਸ ਨੇ ਗੁੱਸੇ ਵਿੱਚ ਵਗਾਹ ਕੇ ਮਾਰੀ।ਇਸ ’ਤੇ ਰਤਨਚੰਦ ਨੇ ਕਿਹਾ, “ਭਈ ਤੇਰੇ ਵਾਲੀ ਤਾਂ ਉਹ ਗੱਲ ਹੈ ਕਿ ਡਿਗੀ ਖੋਤੇ ਤੋਂ, ਗੁੱਸਾ ਘੁਮਿਆਰ ’ਤੇ।’’ ਝਗੜਾ ਤੇਰਾ ਨਵਦੀਪ ਨਾਲ ਹੈ ਪਰ ਗੁੱਸਾ ਤੂੰ ਮੇਰੇ ਉੱਤੇ ਕੱਢ ਰਿਹਾ ਹੈਂ।
12. ਦਾਲ ਵਿੱਚ ਕੁਝ ਕਾਲਾ ਹੋਣਾ - (ਮਾਮਲੇ ਵਿੱਚ ਕੁਝ ਹੇਰਾ-ਫੇਰੀ ਹੋਣ ਦਾ ਸ਼ੱਕ ਹੋਣਾ) ਅੱਜ ਮੇਰਾ ਗੁਆਂਢੀ ਐੱਮ. ਐੱਲ. ਏ. ਸੁਰਿੰਦਰ ਸਿੰਘ ਬੜਾ ਹੱਸ-ਹੱਸ ਕੇ ਗੱਲਾਂ ਕਰਦਾ ਹੈ। ਅੱਗੇ ਕਿਸੇ ਨੂੰ ਬੁਲਾਉਂਦਾ ਤੱਕ ਨਹੀਂ ਸੀ। ਜ਼ਰੂਰ ਦਾਲ ਵਿੱਚ ਕੁਝ ਕਾਲਾ ਜਾਪਦਾ ਹੈ।
14. ਘਰ ਦੀ ਮੁਰਗੀ ਦਾਲ ਬਰਾਬਰ -( ਘਰ ਦੀ ਚੰਗੀ ਚੀਜ਼ ਨੂੰ ਮਾੜਾ ਸਮਝਣਾ) ਭਾਰਤੀ ਕੋਚ ਬਥੇਰੇ ਨਿਪੁੰਨ ਹਨ, ਵਿਦੇਸ਼ੀ ਕੋਚ ਇਹਨਾਂ ਨਾਲੋਂ ਬਿਹਤਰ ਨਹੀਂ। ਅਸੀਂ ਘਰ ਦੀ ਮੁਰਗੀ ਦਾਲ ਬਰਾਬਰ ਸਮਝ ਕੇ ਆਪਣਿਆਂ ਦਾ ਮੁੱਲ ਨਹੀਂ ਪਾਉਂਦੇ।
15. ਘਰ ਦਾ ਭੇਤੀ ਲੰਕਾ ਢਾਹੇ - (ਭੇਤੀ ਆਦਮੀ ਵਧੇਰੇ ਨੁਕਸਾਨ ਪਹੁੰਚਾਉਂਦਾ ਹੈ) ਭਾਈਵਾਲ ਜਸਪਾਲ ਸਿੰਘ ਨਾਲ ਝਗੜਾ ਹੋਣ ਮਗਰੋਂ ਦੂਸਰੇ ਹੀ ਦਿਨ ਜਦੋਂ ਕੇਹਰੂ ਦੇ ਘਰੋਂ ਸਮਗਲਿੰਗ ਦਾ ਸਮਾਨ ਫੜਿਆ ਗਿਆ ਤਾਂ ਉਸ ਨੇ ਕਿਹਾ, “ਘਰ ਦਾ ਭੇਤੀ ਲੰਕਾ ਢਾਹੇ ।” ਇਹ ਸਾਰੀ ਸ਼ਰਾਰਤ ਜਸਪਾਲ ਦੀ ਹੈ ਕਿਉਂਕਿ ਉਸ ਤੋਂ ਬਿਨਾਂ ਇਸ ਦਾ ਹੋਰ ਕਿਸੇ ਨੂੰ ਪਤਾ ਨਹੀਂ ਸੀ।