Idioms in Punjabi with Meanings and Sentences : In this article, we are providing ਪੰਜਾਬੀ ਅਖਾਣ ਅਤੇ ਮੁਹਾਵਰੇ for Students. Punjabi Idioms in Punjabi Language.
ਮੁਹਾਵਰੇ ਸ਼ਬਦਾਂ ਦੇ ਉਸ ਇਕੱਠ ਨੂੰ ਆਖਿਆ ਜਾਂਦਾ ਹੈ, ਜਿਨ੍ਹਾਂ ਦੇ ਸ਼ਬਦੀ ਅਰਥ ਹੋਰ ਹੋਣ ਤੇ ਭਾਵ ਅਰਥ ਹੋਰ। ਮੁਹਾਵਰੇ ਕਿਸੇ ਭਾਸ਼ਾ ਦੀ ਸੂਖਮਤਾ ਨੂੰ ਪ੍ਰਗਟ ਕਰਦੇ ਹਨ। ਮੁਹਾਵਰੇ ਕਿਸੇ ਬੋਲੀ ਦੀ ਸਮਰੱਥਾ ਹੁੰਦੇ ਹਨ। ਇਹਨਾਂ ਦਾ ਇੱਕ ਸਰੂਪ ਲੋਕ-ਅਖਾਣ ਜਾਂ ਕਹਾਵਤਾਂ ਹੈ। ਮੁਹਾਵਰੇ ਤੇ ਅਖਾਣ ਕਿਸੇ ਵੀ ਕੌਮ ਦੇ ਸੱਭਿਆਚਾਰਿਕ ਵਿਰਸੇ ਨੂੰ ਇਸ ਤਰ੍ਹਾਂ ਸੂਤਰਿਕ ਢੰਗ ਨਾਲ ਸੰਭਾਲ ਕੇ ਰੱਖਦੇ ਹਨ, ਜਿਵੇਂ ਕੁੱਜੇ ਵਿੱਚ ਸਮੁੰਦਰ ਬੰਦ ਕੀਤਾ ਗਿਆ ਹੋਵੇ। ਬੱਚਿਆਂ ਦੇ ਗਿਆਨ ਦੇ ਪੱਧਰ ਨੂੰ ਦੇਖਦੇ ਹੋਏ, ਹੇਠਾਂ ਕੁਝ ਚੋਣਵੇਂ ਮੁਹਾਵਰੇ ਅਤੇ ਅਖਾਣ ਅੰਕਿਤ ਕੀਤੇ ਗਏ ਹਨ। ਵਿਦਿਆਰਥੀ ਇਹਨਾਂ ਨੂੰ ਪੜ੍ਹਨ, ਸਮਝਣ ਅਤੇ ਇਹਨਾਂ ਦੀ ਯੋਗ ਵਰਤੋਂ ਕਰਨੀ ਸਿੱਖਣ।
Idioms in Punjabi with Meanings and Sentences ਪੰਜਾਬੀ ਅਖਾਣ ਅਤੇ ਮੁਹਾਵਰੇ for Students and Teachers
1. ਉਸਤਾਦੀ ਕਰਨੀ- (ਚਲਾਕੀ ਕਰਨੀ) ਸਾਨੂੰ ਕਦੇ ਵੀ ਸਾਊ ਲੋਕਾਂ ਨਾਲ ਉਸਤਾਦੀ ਨਹੀਂ ਕਰਨੀ ਚਾਹੀਦੀ।
ਜਾਂ
ਉਸਤਾਦੀ ਕਰਕੇ ਆਪਣੇ ਕੰਮ ਕਢਾਉਣੇ ਮਾੜੀ ਗੱਲ ਹੈ।
2. ਉੱਲੂ ਬੋਲਣੇ - (ਸੁੰਨਸਾਨ ਹੋਣਾ ਜਾਂ ਉਜਾੜ ਹੋਣਾ) ਵਿਦੇਸ਼ਾਂ ਵਿੱਚ ਗਏ ਲੋਕਾਂ ਦੇ ਘਰਾਂ ਵਿੱਚ ਉੱਲੂ ਬੋਲਦੇ ਹਨ।
3. ਉਂਗਲਾਂ ’ਤੇ ਨਚਾਉਣਾ- (ਕਿਸੇ ਨੂੰ ਵੱਸ ਵਿੱਚ ਰੱਖਣਾ) ਸੁਲਤਾਨਾ ਸਭ ਨੂੰ ਆਪਣੀਆਂ ਉਂਗਲਾਂ 'ਤੇ ਨਚਾਉਣਾ ਜਾਣਦੀ ਹੈ।
4. ਉੱਚਾ-ਨੀਵਾਂ ਬੋਲਣਾ- (ਨਿਰਾਦਰ ਕਰਨਾ) ਸਿਆਣੇ ਬੱਚੇ ਆਪਣੇ ਤੋਂ ਵੱਡਿਆਂ ਸਾਮਣੇ ਕਦੇ ਵੀ ਉੱਚਾ-ਨੀਵਾਂ ਨਹੀਂ ਬੋਲਦੇ।
5. ਉੱਲੂ ਸਿੱਧਾ ਕਰਨਾ- (ਮਤਲਬ ਕੱਢਣਾ) ਸ਼ਾਰਥੀ ਲੋਕ ਆਪਣਾ ਉੱਲੂ ਸਿੱਧਾ ਕਰਕੇ ਤੁਰਦੇ ਬਣਦੇ ਹਨ।
6. ਉੱਘ-ਸੁੱਘ ਨਾ ਮਿਲਨਾ- (ਪਤਾ ਨਾ ਲੱਗਣਾ) ਗਿਆਨ ਸਿੰਘ ਦੇ ਗੁਆਚੇ ਹੋਏ ਪੁੱਤਰ ਦੀ ਅਜੇ ਤੱਕ ਕੋਈ ਉੱਘ-ਸੁੱਘ ਨਹੀਂ ਮਿਲੀ।
7. ਉੱਨੀ-ਇੱਕੀ ਦਾ ਫ਼ਰਕ ਹੋਣਾ- (ਬਹੁਤ ਥੋੜਾ ਫ਼ਰਕ) ਅੰਬਰ ਤੇ ਮਨੀ ਬੇਸ਼ੱਕ ਜੌੜੀਆਂ ਭੈਣਾਂ ਹਨ ਪਰ ਉਹਨਾਂ ਦੇ ਸੁਭਾਅ 'ਚ ਉੱਨੀ-ਇੱਕੀ ਦਾ ਫ਼ਰਕ ਤਾਂ ਹੈ।
8. ਉੱਸਲਵੱਟੇ ਭੰਨਣੇ- (ਸੁਸਤੀ ਵਿੱਚ ਪਾਸੇ ਮਾਰਨਾ) ਰਾਜੂ ਐਵੇਂ ਉੱਸਲਵੱਟੇ ਨਾ ਭੰਨੀ ਜਾ, ਛੇਤੀ ਕੰਮ ਕਰ।
9. ਅਸਮਾਨ ਸਿਰ 'ਤੇ ਚੁੱਕਣਾ- (ਬਹੁਤ ਰੌਲਾ ਪਾਉਣਾ) ਅਧਿਆਪਕ ਦੇ ਬਾਹਰ ਜਾਂਦਿਆਂ ਹੀ ਵਿਦਿਆਰਥੀਆਂ ਨੇ ਅਸਮਾਨ ਸਿਰ ਤੇ ਚੁੱਕ ਲਿਆ।
10. ਅੱਖਾਂ ਚੁਰਾਉਣਾ- (ਸ਼ਰਮ ਮਹਿਸੂਸ ਕਰਨੀ) ਕੋਈ ਅਜਿਹਾ ਕੰਮ ਨਾ ਕਰੋ, ਜਿਸ ਕਰਕੇ ਆਪਣੇ ਆਪ ਤੋਂ ਹੀ ਅੱਖਾਂ ਚੁਰਾਉਣੀਆਂ ਪੈ ਜਾਣ।
11. ਅੱਖਾਂ ਵਿੱਚ ਰੜਕਣਾ - (ਬੁਰਾ ਲੱਗਣਾ) ਚੰਗੇ ਇਨਸਾਨ ਹਮੇਸ਼ਾਂ ਗ਼ਲਤ ਲੋਕਾਂ ਦੀਆਂ ਅੱਖਾਂ ਵਿੱਚ ਰੜਕਦੇ ਹਨ।
12. ਅੱਖਾਂ ਉੱਤੇ ਬਿਠਾਉਣਾ - (ਆਦਰ ਕਰਨਾ) ਘਰ ਆਏ ਮਹਿਮਾਨ ਨੂੰ ਅੱਖਾਂ ਉੱਤੇ ਬਿਠਾਉਣਾ ਪੰਜਾਬੀਆਂ ਦੀ ਖ਼ਾਸੀਅਤ ਹੈ।
13 . ਅਕਲ ਦਾ ਵੈਰੀ- (ਮੂਰਖ) ਅਜੀਤ ਤਾਂ ਅਕਲ ਦਾ ਵੈਰੀ ਹੈ। ਕਦੇ ਕੋਈ ਸਮਝਦਾਰੀ ਦੀ ਗੱਲ ਹੀ ਨਹੀਂ ਕਰਦਾ।
14. ਅੱਖਾਂ ਵਿੱਚ ਘੱਟਾ ਪਾਉਣਾ- (ਧੋਖਾ ਦੇਣਾ) ਚੋਰ ਸਿਪਾਹੀ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਭੱਜ ਗਿਆ।
15 . ਅੱਖਾਂ ਮੀਟ ਜਾਣਾ - (ਮਰ ਜਾਣਾ) ਰੀਤਾ ਪੰਜ ਸਾਲ ਦੀ ਸੀ ਜਦੋਂ ਉਸ ਦੇ ਪਿਤਾ ਜੀ ਅੱਖਾਂ ਮੀਟ ਗਏ।
16 . ਅੱਖਾਂ ਫੇਰ ਲੈਣੀਆਂ- (ਦੋਸਤੀ ਛੱਡ ਦੇਣੀ) ਸ਼ਾਰਥੀ ਮਿੱਤਰ ਮੁਸੀਬਤ ਵੇਲੇ ਅੱਖਾਂ ਫੇਰ ਲੈਂਦੇ ਹਨ।
17. ਅੱਡੀ-ਚੋਟੀ ਦਾ ਜ਼ੋਰ ਲਾਉਣਾ- (ਬਹੁਤ ਮਿਹਨਤ ਕਰਨੀ) ਮਿਹਨਤੀ ਵਿਦਿਆਰਥੀ ਪਰੀਖਿਆ ਵਿੱਚ ਵਧੀਆ ਅੰਕ ਪ੍ਰਾਪਤ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਾ ਦਿੰਦੇ ਹਨ।
18. ਅੰਗ ਪਾਲਨਾ- (ਸਹਾਈ ਹੋਣਾ) ਭਗਵਾਨ ਕ੍ਰਿਸ਼ਨ ਨੇ ਗਰੀਬ ਸੁਦਾਮੇ ਦੀ ਦੋਸਤੀ ਦਾ ਅੰਗ ਪਾਲਿਆ।
19. ਅਲਖ ਮਕਾਉਣਾ- (ਮਾਰ ਦੇਣਾ) ਬਹਾਦਰ ਲੋਕ ਵੈਰੀਆਂ ਦੀ ਅਲਖ ਮੁਕਾ ਕੇ ਹੀ ਦਮ ਲੈਂਦੇ ਹਨ।
20. ਅੰਗੂਠਾ ਦਿਖਾਉਣਾ- (ਇਨਕਾਰ ਕਰਨਾ) ਜਦੋਂ ਮੈਂ ਅੰਮ੍ਰਿਤ ਤੋਂ ਉਧਾਰ ਦਿੱਤੇ ਪੈਸੇ ਮੰਗੇ ਤਾਂ ਉਸ ਨੇ ਅੰਗੁਠਾ ਦਿਖਾ ਦਿੱਤਾ।
21. ਇੱਕ ਅੱਖ ਨਾਲ ਵੇਖਣਾ- (ਸਭ ਨੂੰ ਬਰਾਬਰ ਸਮਝਣਾ) ਮਾਂ ਆਪਣੇ ਸਾਰੇ ਬੱਚਿਆਂ ਨੂੰ ਇੱਕ ਅੱਖ ਨਾਲ ਵੇਖਦੀ ਹੈ।
22. ਇੱਕ-ਮੁੱਠ ਹੋਣਾ- (ਏਕਤਾ ਹੋਣੀ) ਸਾਨੂੰ ਵਿਦੇਸ਼ੀ ਹਮਲਿਆਂ ਦਾ ਇੱਕ-ਮੁੱਠ ਹੋ ਕੇ ਮੁਕਾਬਲਾ ਕਰਨਾ ਚਾਹੀਦਾ ਹੈ।
23. ਇੱਟ ਨਾਲ ਇੱਟ ਖੜਕਾਉਣੀ- (ਤਬਾਹੀ ਮਚਾਉਣੀ) ਬੰਦਾ ਬਹਾਦਰ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਸੀ।
24. ਈਦ ਦਾ ਚੰਦ ਹੋਣਾ- (ਬਹੁਤ ਚਿਰ ਬਾਅਦ ਮਿਲਨਾ) ਪਿੰਕੀ ਤੂੰ ਤਾਂ ਈਦ ਦਾ ਚੰਦ ਹੀ ਹੋ ਗਈ ਏਂ, ਕਦੇ ਮਿਲਦੀ ਹੀ ਨਹੀਂ।
25. ਈਨ ਮੰਨਣੀ- (ਹਾਰ ਮੰਨਣੀ) ਹਰਨਾਖਸ਼ ਦੇ ਆਪਣੇ ਪੁੱਤਰ ਪ੍ਰਹਿਲਾਦ ਨੇ ਉਸ ਦੀ ਈਨ ਨਾ ਮੰਨੀ।
26. ਸੱਤੀਂ ਕੱਪੜੀਂ ਅੱਗ ਲੱਗਣੀ- (ਬਹੁਤ ਗੁੱਸੇ ਵਿੱਚ ਹੋਣਾ) ਆਪਣੀ ਬੁਰਾਈ ਸੁਣਦਿਆਂ ਹੀ ਉਸ ਦੇ ਸੱਤੀਂ ਕੱਪੜੀਂ ਅੱਗ ਲੱਗ ਗਈ।
27. ਸਰ ਕਰਨਾ- ( ਜਿੱਤ ਲੈਣਾ) ਹਰੀ ਸਿੰਘ ਨਲੂਏ ਨੇ ਜਦੋਂ ਜਮਰੌਦ ਦਾ ਕਿਲ੍ਹਾ ਸਰ ਕਰ ਲਿਆ ਤਾਂ ਮਹਾਰਾਜਾ ਰਣਜੀਤ ਸਿੰਘ ਉਸ ਤੇ ਬਹੁਤ ਖ਼ੁਸ਼ ਹੋਏ ਸਨ।
28 . ਸਾਹ ਸੁੱਕਣਾ · ਡਰ ਜਾਣਾ) ਬਿਨਾਂ ਹਿੱਲਮਿਟ ਤੋਂ ਮੋਟਰ-ਸਾਈਕਲ ਚਲਾਉਂਦੇ ਰਮੇਸ਼ ਦੇ ਪੁਲਿਸ-ਨਾਕਾ ਵੇਖ ਕੇ ਸਾਹ ਸੁੱਕ ਗਏ।
29. ਸਿਰ ਫੇਰਨਾ- (ਇਨਕਾਰ ਕਰਨਾ) ਜਦੋਂ ਮੈਂ ਲੋੜ ਪੈਣ 'ਤੇ ਨਿਤਾਸ਼ਾ ਤੋਂ ਪੈਸੇ ਮੰਗੇ ਤਾਂ ਉਸ ਨੇ ਸਿਰ ਫੇਰ ਦਿੱਤਾ।
30. ਸਿਰ-ਪੈਰ ਨਾ ਹੋਣਾ- (ਬਿਲਕੁਲ ਝੂਠ) ਕਮਲੇਸ਼ ਦੀ ਗੱਲ ਸਮਝ ਨਹੀਂ ਆਉਂਦੀ ਕਿਉਂਕਿ ਉਸ ਦੀ ਗੱਲ ਦਾ ਕੋਈ ਸਿਰ-ਪੈਰ ਹੀ ਨਹੀਂ ਹੁੰਦਾ।
31. ਸਿਰ `ਤੇ ਪੈਣੀ - (ਔਕੜ ਆ ਪੈਣੀ) ਪਿਤਾ ਦੀ ਮੌਤ ਤੋਂ ਬਾਅਦ ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਵਿਚਾਰੇ ਸਤੀਸ਼ ਦੇ ਸਿਰ ਉੱਤੇ ਪੈ ਗਈ।
32. ਸਿਰ-ਧੜ ਦੀ ਬਾਜ਼ੀ ਲਾਉਣਾ (ਮਰਨ ਲਈ ਤਿਆਰ ਹੋਣਾ) ਪੰਜਾਬੀ ਹੋਣ ਜਾਂ ਮਰਹੱਟੇ ਜਾਂ ਰਾਜਪੂਤ ਦੁਸ਼ਮਣ ਨਾਲ ਸਿਰ-ਧੜ ਦੀ ਬਾਜ਼ੀ ਲਾ ਕੇ ਲੜਦੇ ਹਨ।
33. ਹੱਥ-ਪੈਰ ਮਾਰਨਾ- (ਕੋਸ਼ਸ਼ ਕਰਨਾ) ਨਰੇਸ਼ ਨੇ ਨੌਕਰੀ ਲੈਣ ਲਈ ਬਹੁਤ ਹੱਥ-ਪੈਰ ਮਾਰੇ ਪਰ ਉਸ ਨੂੰ ਕਿਤੇ ਵੀ ਨੌਕਰੀ ਨਾ ਮਿਲੀ।
34. ਹਰਨ ਹੋ ਜਾਣਾ- (ਦੌੜ ਜਾਣਾ) ਪੁਲਿਸ ਨੂੰ ਦੇਖ ਕੇ ਚੋਰ ਹਰਨ ਹੋ ਗਿਆ।
35. ਹੱਥ ਅੱਡਣਾ- (ਮੰਗਣਾ) ਅਣਖੀਲਾ ਇਨਸਾਨ ਕਦੇ ਕਿਸੇ ਅੱਗੇ ਹੱਥ ਨਹੀਂ ਅੱਡਦਾ।
36. ਹੱਥ ਵਟਾਉਣਾ (ਮਦਦ ਕਰਨਾ) ਸਕੂਲੋਂ ਜਾ ਕੇ ਰਮੇਸ਼ ਦੁਕਾਨ 'ਤੇ ਆਪਣੇ ਪਿਤਾ ਜੀ ਨਾਲ ਹੱਥ ਵਟਾਉਂਦਾ ਹੈ।
37. ਹੱਥੀਂ ਛਾਂਵਾਂ ਕਰਨੀਆਂ- (ਅਸ਼ੀਰਵਾਦ ਦੇਣਾ) ਸਾਡੇ ਸਮਾਜ ਵਿੱਚ ਸੱਸਾਂ ਆਪਣੇ ਜਵਾਈਆਂ ਨੂੰ ਹੱਥੀਂ ਛਾਂਵਾਂ ਕਰਦੀਆਂ ਹਨ।
38. ਹੱਥ ਤੰਗ ਹੋਣਾ- (ਗਰੀਬੀ ਹੋਣੀ) ਮਹਿੰਗਾਈ ਕਾਰਨ ਚੰਗੀ ਤਨਖ਼ਾਹ ਲੈਣ ਵਾਲਿਆਂ ਦਾ ਵੀ ਹੱਥ ਤੰਗ ਹੀ ਰਹਿੰਦਾ ਹੈ।
39. ਹੱਥ ਪੀਲੇ ਕਰਨਾ - (ਵਿਆਹ ਕਰਨਾ) ਸ਼ਾਮ ਲਾਲ ਨੂੰ ਆਪਣੀ ਧੀ ਦੇ ਹੱਥ ਪੀਲੇ ਕਰਨ ਦੀ ਚਿੰਤਾ ਲੱਗੀ ਰਹਿੰਦੀ ਹੈ।
40. ਕੰਨ ਕੁਤਰਨੇ - (ਠੱਗ ਲੈਣਾ) ਚਲਾਕ ਲੋਕ ਵੱਡਿਆਂ-ਵੱਡਿਆਂ ਦੇ ਕੰਨ ਕੁਤਰ ਦਿੰਦੇ ਹਨ।
41. ਕੰਨਾਂ ਨੂੰ ਹੱਥ ਲਗਾਉਣਾ-(ਤੋਬਾ ਕਰਨੀ) ਜਗਸੀਰ ਨੇ ਜਦੋਂ ਸ਼ਰਾਬ ਨਾ ਪੀਣ ਤੋਂ ਕੰਨਾਂ ਨੂੰ ਹੱਥ ਲਾ ਲਏ ਤਾਂ ਪਰਿਵਾਰ ਨੇ ਸ਼ੁਕਰ ਮਨਾਇਆ।
42. ਕਲਮ ਦਾ ਧਨੀ- (ਸਫ਼ਲ ਲੇਖਕ) ਭਾਈ ਵੀਰ ਸਿੰਘ ਜੀ ਕਲਮ ਦੇ ਧਨੀ ਸਨ।
43. ਕੰਨਾਂ ’ਤੇ ਜੂੰ ਨਾ ਸਰਕਣੀ - (ਕੋਈ ਅਸਰ ਨਾ ਹੋਣਾ) ਸਮੀਰ ਦੀ ਮਾਂ ਨੇ ਉਸ ਨੂੰ ਬੁਰੀ ਸੰਗਤ ਕਰਨ ਤੋਂ ਰੋਕਿਆ ਪਰ ਉਸ ਦੇ ਕੰਨਾਂ ’ਤੇ ਜੂੰ ਨਾ ਸਰਕੀ।
44. ਕੰਨੀਂ ਕਤਰਾਉਣਾ- (ਜੀਅ ਚੁਰਾਉਣਾ) ਜੇ ਸਫ਼ਲਤਾ ਹਾਸਲ ਕਰਨੀ ਹੈ ਤਾਂ ਮਿਹਨਤ ਤੋਂ ਕੰਨੀਂ ਨਹੀਂ ਕਤਰਾਉਣੀ ਚਾਹੀਦੀ।
45 . ਖੁੰਬ ਠੱਪਣੀ - (ਬਹੁਤ ਕੁੱਟਣਾ) ਲੋਕਾਂ ਨੂੰ ਲਾਰੇ ਲਾ ਕੇ ਵੋਟਾਂ ਮੰਗਣ ਵਾਲਿਆਂ ਦੀ ਲੋਕਾਂ ਨੇ ਭੇਤ ਖੋਲ੍ਹ ਕੇ ਭਰੇ ਜਲਸੇ ਵਿੱਚ ਖੁੰਬ ਠੱਪ ਦਿੱਤੀ।
46. ਖੂਨ ਖੌਲਣਾ - (ਗੁੱਸਾ ਆਉਣਾ) ਬੇਇਨਸਾਫ਼ੀ ਹੁੰਦੀ ਵੇਖ਼ ਮੇਰਾ ਖੂਨ ਖੌਲ ਉੱਠਦਾ ਹੈ।
47. ਖਿਚੜੀ ਪਕਾਉਣੀ- (ਸਲਾਹਾਂ ਕਰਨੀਆਂ) ਸੀਤਾ ਅਤੇ ਗੀਤਾ, ਸੁਨੀਤਾ ਦੇ ਖ਼ਿਲਾਫ਼ ਹਰ ਵੇਲੇ ਪਤਾ ਨਹੀਂ ਕੀ ਖਿਚੜੀ ਪਕਾਉਂਦੀਆਂ ਰਹਿੰਦੀਆਂ ਹਨ।
48. ਖੰਡ-ਖੀਰ ਹੋਣਾ- (ਇੱਕ-ਮਿੱਕ ਹੋਣਾ) ਜਦੋਂ ਘਰ ਵਿੱਚ ਸੱਸ ਅਤੇ ਨੂੰਹ ਖੰਡ-ਖੀਰ ਹੋ ਕੇ ਰਹਿੰਦੀਆਂ ਹਨ ਤਾਂ ਸਭ ਨੂੰ ਚੰਗਾ ਲੱਗਦਾ ਹੈ।
49. ਖੇਰੂੰ-ਖੇਰੂੰ ਹੋਣਾ- (ਨਿੱਖੜ ਜਾਣਾ) ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਅੰਦਰੂਨੀ ਸਾਜ਼ਸ਼ਾਂ ਅਤੇ ਅੰਗਰੇਜ਼ਾਂ ਦੀ ਕੁਟਲਨੀਤੀ ਕਾਰਨ ਸਿੱਖ ਰਾਜ ਖੇਰੂੰ-ਖੇਰੂੰ ਹੋ ਗਿਆ।
50. ਖਾਰ ਖਾਣੀ- (ਈਰਖਾ ਕਰਨੀ) ਕਿਸੇ ਦੀ ਤਰੱਕੀ ਹੁੰਦੀ ਦੇਖ ਕੇ ਸਾਨੂੰ ਖਾਰ ਨਹੀਂ ਖਾਣੀ ਚਾਹੀਦੀ।
51. ਖਿੱਲੀ ਉਡਾਉਣਾ- (ਮਜ਼ਾਕ ਉਡਾਉਣਾ) ਸਾਨੂੰ ਬਿਨਾਂ ਵਜ਼ਾ ਕਿਸੇ ਦੀ ਖਿੱਲੀ ਨਹੀਂ ਉਡਾਉਣੀ ਚਾਹੀਦੀ।
52. ਗਲ ਪੈਣਾ - (ਲੜਨਾ) ਬੀਬੀ ! ਐਂਵੇਂ ਹੀ ਗਲ਼ ਨਾ ਪੈ, ਸਿਆਣੀ ਬਣ।
53. ਗਲਾ ਭਰ ਆਉਣਾ- (ਅੱਥਰੂ ਆ ਜਾਣੇ) ਸੁਨਾਮੀ ਤੋਂ ਪ੍ਰਭਾਵਿਤ ਲੋਕਾਂ ਦੇ ਦੁਖੜੇ ਸੁਣ ਕੇ ਮੇਰਾ ਗਲਾ ਭਰ ਆਇਆ।
54. ਗੋਦੜੀ ਦਾ ਲਾਲ - (ਗੁੱਝਾ ਗੁਣਵਾਨ) ਲਾਲ ਬਹਾਦਰ ਸ਼ਾਸ਼ਤਰੀ ਗੋਦੜੀ ਦੇ ਲਾਲ ਸਨ।
55. ਗੁੱਡੀ ਚੜ੍ਹਨੀ- (ਮਾਣ-ਇੱਜ਼ਤ ਵਧਣਾ) ਫ਼ਿਲਮੀ ਖੇਤਰ ਵਿੱਚ ਅੱਜ-ਕੱਲ੍ਹ ਸ਼ਾਹਰੁਖ਼ ਖ਼ਾਨ ਦੀ ਗੁੱਡੀ ਚੜ੍ਹੀ ਹੋਈ ਹੈ।
56. ਗਲ਼ ਪਿਆ ਢੋਲ ਵਜਾਉਣਾ- (ਨਾ ਪਸੰਦ ਕੰਮ ਕਰਨਾ ਪੈਣਾ) ਜੋ ਵੀ ਕੰਮ ਕਰੀਏ ਰੂਹ ਨਾਲ ਕਰੀਏ, ਐਵੇਂ ਗਲ ਪਿਆ ਢੋਲ ਵਜਾਉਣ ਦਾ ਕੋਈ ਲਾਭ ਨਹੀਂ ।
57. ਘਿਓ ਦੇ ਦੀਵੇ ਬਾਲੁਨੇ- (ਖੁਸ਼ੀ ਮਨਾਉਣੀ) ਰਾਹੁਲ ਜਦੋਂ ਸੱਤ ਸਾਲ ਵਿਦੇਸ਼ ਰਹਿ ਕੇ ਘਰ ਪਰਤਿਆ ਤਾਂ ਉਸ ਦੇ ਮਾਤਾ-ਪਿਤਾ ਨੇ ਘਿਓ ਦੇ ਦੀਵੇ ਬਾਲੇ।
58. ਘੋੜੇ ਵੇਚ ਕੇ ਸੌਣਾ- ( ਬੇਫਿਕਰ ਹੋ ਕੇ ਸੌਣਾ) ਵਿਦਿਆਰਥੀ ਸਲਾਨਾ ਪੇਪਰ ਖ਼ਤਮ ਹੋਣ ਤੋਂ ਬਾਅਦ ਜਾਣੋ ਘੋੜੇ ਵੇਚ ਕੇ ਸੌਂਦੇ ਹਨ।
59. ਘਰ ਕਰਨਾ - (ਦਿਲ ’ਚ ਬੈਠ ਜਾਣਾ) ਦੇਸ ਦੀ ਵੰਡ ਦਾ ਦੁੱਖ ਅਨੇਕਾਂ ਪੰਜਾਬੀਆਂ ਦੇ ਦਿਲ ਵਿੱਚ ਘਰ ਕਰ ਗਿਆ।
60. ਚਾਂਦੀ ਦੀ ਜੁੱਤੀ ਮਾਰਨਾ (ਰਿਸ਼ਵਤ ਦੇਣੀ) ਉਮੀਦ ਕਰਦੇ ਹਾਂ ਕਿ ਭਾਰਤ ਵਿੱਚ ਛੇਤੀ ਹੀ ਉਹ ਦਿਨ ਆ ਜਾਵੇਗਾ ਜਦੋਂ ਕਿਸੇ ਨੂੰ ਆਪਣਾ ਕੰਮ ਕਰਵਾਉਣ ਲਈ ਚਾਂਦੀ ਦੀ ਜੁੱਤੀ ਨਹੀਂ ਮਾਰਨੀ ਪਵੇਗੀ।
61. ਚਰਨ ਧੋ ਕੇ ਪੀਣਾ - (ਬਹੁਤ ਆਦਰ ਕਰਨਾ) ਅਨੇਕਾਂ ਵਿਦਿਆਰਥੀਆਂ ਦੇ ਜੀਵਨ ਵਿੱਚ ਗਿਆਨ ਦੀ ਜੋਤੀ ਜਗਾਉਣ ਵਾਲੇ ਅਧਿਆਪਕ ਦੇ ਤਾਂ ਚਰਨ ਧੋ ਕੇ ਪੀਣ ਨੂੰ ਜੀਅ ਕਰਦਾ ਹੈ।
62. ਚਾਦਰ ਦੇਖ ਕੇ ਪੈਰ ਪਸਾਰਨੇ – (ਆਮਦਨ ਅਨੁਸਾਰ ਖ਼ਰਚ ਕਰਨਾ) ਜੇਕਰ ਚਾਦਰ ਦੇਖ ਕੇ ਹੀ ਪੈਰ ਪਸਾਰੋਗੇ, ਬਾਅਦ ਵਿੱਚ ਔਖੇ ਨਹੀਂ ਹੋਵੋਗੇ।
63. ਛੱਕੇ ਛੁਡਾਉਣੇ- (ਹਰਾਉਣਾ) ਕਾਰਗਿਲ ਦੀ ਲੜਾਈ ਵਿੱਚ ਭਾਰਤੀ ਫ਼ੌਜਾਂ ਨੇ ਪਾਕਿਸਤਾਨੀ ਫ਼ੌਜ ਦੇ ਛੱਕੇ ਛੁਡਾ ਦਿੱਤੇ।
64. ਛਿੱਲ ਲਾਹੁਣੀ- (ਲੁੱਟ ਲੈਣਾ) ਚਲਾਕ ਦੁਕਾਨਦਾਰ ਭੋਲੇ-ਭਾਲੇ ਗਾਹਕਾਂ ਦੀ ਛਿੱਲ ਲਾਹੁਣ ਤੋਂ ਨਹੀਂ ਝਿਜਕਦੇ।
65. ਛਾਤੀ ਨਾਲ ਲਾਉਣਾ- (ਪਿਆਰ ਕਰਨਾ) ਵਿਦੇਸ਼ਾਂ ਵਿੱਚ ਕਈ ਸਾਲਾਂ ਤੀਕ ਧੱਕੇ ਖਾਣ ਪਿੱਛੋਂ ਕਰਤਾਰ ਜਦੋਂ ਘਰ ਪਰਤਿਆ ਤਾਂ ਮਾਪਿਆਂ ਨੇ ਉਸ ਨੂੰ ਛਾਤੀ ਨਾਲ ਲਾ ਲਿਆ।
66 . ਜਾਨ ਤੇ ਖੇਡਣਾ- (ਜਾਨ ਵਾਰਨੀ) ਸ਼ਹੀਦ ਭਗਤ ਸਿੰਘ ਆਪਣੇ ਦੇਸ ਦੀ ਆਨ ਲਈ ਆਪਣੀ ਜਾਨ ਤੇ ਖੇਡ ਗਏ।
67. ਜ਼ੁਬਾਨ ਦੇਣੀ - (ਇਕਰਾਰ ਕਰਨਾ) ਜਦੋਂ ਕਿਸੇ ਨੂੰ ਜ਼ੁਬਾਨ ਦਿਓ ਤਾਂ ਉਸ ਨੂੰ ਹਰ ਹਾਲਤ ਵਿੱਚ ਨਿਭਾਉਣ ਦਾ ਜਤਨ ਕਰੋ।
68. ਜ਼ੁਬਾਨ ਫੇਰ ਲੈਣੀ- (ਮੁੱਕਰ ਜਾਣਾ) ਪਹਾੜੀ ਰਾਜਿਆਂ ਨੇ ਗੁਰੂ ਜੀ ਨਾਲ ਅਨੰਦਪੁਰ ਦਾ ਕਿਲ੍ਹਾ ਛੱਡਣ ਲਈ ਬੜੇ ਇਕਰਾਰ ਕੀਤੇ, ਪਰ ਗੁਰੂ ਜੀ ਦੇ ਕਿਲ੍ਹੇ ਤੋਂ ਬਾਹਰ ਨਿਕਲਦਿਆਂ ਹੀ ਉਹਨਾਂ ਨੇ ਜ਼ੁਬਾਨ ਫੇਰ ਲਈ।
69. ਟਕੇ ਵਰਗਾ ਜਵਾਬ ਦੇਣਾ- (ਕੋਰਾ ਇਨਕਾਰ ਕਰਨਾ) ਮੈਂ ਜੋਤੀ ਤੋਂ ਕੁਝ ਪੈਸੇ ਉਧਾਰ ਮੰਗੇ ਪਰ ਉਸ ਨੇ ਮੈਨੂੰ ਟਕੇ ਵਰਗਾ ਜਵਾਬ ਦੇ ਦਿੱਤਾ।
70. ਟੱਸ ਤੋਂ ਮੱਸ ਨਾ ਹੋਣਾ- (ਕੋਈ ਅਸਰ ਨਾ ਹੋਣਾ) ਗਰੀਬ ਔਰਤ ਨੇ ਪੁਲਿਸ ਅਫ਼ਸਰ ਅੱਗੇ ਆਪਣੇ ਨਿਰਦੋਸ਼ ਪੁੱਤਰ ਲਈ ਬਹੁਤ ਮਿੰਨਤਾਂ ਕੀਤੀਆਂ ਪਰ ਉਹ ਟੱਸ ਤੋਂ ਮੱਸ ਨਾ ਹੋਇਆ।
71. ਟਾਲ-ਮਟੋਲ ਕਰਨਾ (ਬਹਾਨੇ ਬਣਾਉਣੇ) ਏਜੰਟ ਬਲਬੀਰ ਤੋਂ ਪੈਸੇ ਲੈ ਕੇ ਉਸ ਨੂੰ ਵਿਦੇਸ਼ ਤਾਂ ਭੇਜ ਨਹੀਂ ਸਕਿਆ ਪਰ ਹੁਣ ਉਹ ਉਸ ਦੇ ਪੈਸੇ ਮੋੜਨ ਤੋਂ ਵੀ ਟਾਲ-ਮਟੋਲ ਕਰ ਰਿਹਾ ਹੈ।
72. ਠੰਢੀਆਂ ਛਾਂਵਾਂ- ( ਸੁੱਖ ਮਾਣਨਾ) ਮਾਪੇ ਆਪਣੀ ਉਲਾਦ ਲਈ ਇਹੋ ਕਾਮਨਾ ਕਰਦੇ ਹਨ ਕਿ ਉਹ ਸਦਾ ਠੰਢੀਆਂ ਛਾਵਾਂ ਮਾਣੇ।
73. ਡਕਾਰ ਜਾਣਾ- (ਹਜ਼ਮ ਕਰ ਜਾਣਾ) ਮਹਿੰਦਰ ਦਾ ਲਾਲਚੀ ਭਰਾ ਉਸ ਨਾਲ ਧੋਖਾ ਕਰਕੇ, ਉਸ ਦੇ ਹਿੱਸੇ ਦੀ ਸਾਰੀ ਜਾਇਦਾਦ ਡਕਾਰ ਗਿਆ।
74. ਢੇਰੀ ਢਾਹੁਣੀ- (ਹਿੰਮਤ ਹਾਰਨਾ) ਜ਼ਿੰਦਗੀ ਵਿੱਚ ਉਤਰਾਅ-ਚੜ੍ਹਾਅ ਤਾਂ ਆਉਂਦੇ ਹੀ ਨੇ, ਢੇਰੀ ਢਾਹਿਆਂ ਕੁਝ ਨਹੀਂ ਬਣਦਾ।
75. ਢਿੱਡ ਵਿੱਚ ਚੂਹੇ ਨੱਚਣਾ- (ਬਹੁਤ ਭੁੱਖ ਲੱਗਣੀ) ਭੁੱਖ ਨਾਲ ਮੇਰੇ ਢਿੱਡ ’ਚ ਚੂਹੇ ਨੱਚ ਰਹੇ ਹਨ, ਮੈਨੂੰ ਕੁਝ ਖਾਣ ਲਈ ਚਾਹੀਦਾ ਹੈ।
76. ਤੀਰ ਹੋ ਜਾਣਾ- (ਭੱਜ ਜਾਣਾ) ਚੋਰ ਪੁਲਿਸ ਨੂੰ ਆਉਂਦਿਆਂ ਵੇਖ ਕੇ ਤੀਰ ਹੋ ਗਿਆ।
77. ਤੱਤੀ ਵਾ ਨਾ ਲੱਗਣੀ - (ਕੋਈ ਦੁੱਖ ਨਾ ਹੋਣਾ) ਮਾਂ-ਬਾਪ ਦੀ ਆਪਣੀ ਉਲਾਦ ਲਈ ਇਹੋ ਅਰਦਾਸ ਹੁੰਦੀ ਹੈ ਕਿ ਉਹਨਾਂ ਨੂੰ ਕਦੇ ਵੀ ਤੱਤੀ ਵਾ ਨਾ ਲੱਗੇ।
78. ਤ੍ਰਾਹ ਨਿਕਲਨਾ - (ਡਰ ਜਾਣਾ) ਵਿਹੜੇ ਵਿੱਚ ਖੜ੍ਹੀ ਕੀਤੀ ਹੋਈ ਆਪਣੀ ਨਵੀਂ ਕਾਰ ਨੂੰ ਸਵੇਰੇ ਉੱਥੇ ਨਾ ਦੇਖ ਕੇ ਸਾਡਾ ਤਾਹ ਨਿਕਲ ਗਿਆ।
79. ਤਖ਼ਤਾ ਉਲਟਾਉਣਾ- (ਇਨਕਲਾਬ ਲਿਆਉਣਾ) ਮੁਗ਼ਲ ਬਾਦਸ਼ਾਹ ਆਪਣੀ ਹਕੂਮਤ ਦਾ ਤਖ਼ਤਾ ਉਲਟਾਉਣ ਦੀ ਕੋਸ਼ਸ਼ ਕਰਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦਿੰਦੇ ਸਨ।
80. ਥੱਕ ਕੇ ਚੱਟਣਾ- ਵਾਇਦੇ ਤੋਂ ਮੁੱਕਰਨਾ) ਅਣਖੀ ਲੋਕ ਕਦੇ ਵੀ ਬੁੱਕ ਕੇ ਨਹੀਂ ਚੱਟਦੇ, ਵਚਨ ਦਿੰਦੇ ਹਨ ਤਾਂ ਨਿਭਾਉਂਦੇ ਵੀ ਹਨ।
81. ਥਰ-ਥਰ ਕੰਬਣਾ - (ਡਰਨਾ) ਸ਼ੇਰ ਨੂੰ ਆਪਣੇ ਸਾਮਣੇ ਦੇਖ ਕੇ ਮੀਤ ਥਰ-ਥਰ ਕੰਬਣ ਲੱਗ ਪਿਆ।
82. ਦਿਨ ਫਿਰਨੇ- (ਭਾਗ ਜਾਗਣੇ) ਪਰਿਵਾਰ ਦੇ ਸਾਰੇ ਜੀਆਂ ਨੇ ਕਈ ਸਾਲ ਸਖ਼ਤ ਮਿਹਨਤ ਕੀਤੀ ਤਾਂ ਉਹਨਾਂ ਦੇ ਦਿਨ ਫਿਰ ਗਏ।
83. ਦੰਦ ਪੀਹਣੇ- (ਗੁੱਸੇ ਵਿੱਚ ਆਉਣਾ) ਪਾਂਡਵ ਭਰਾਵਾਂ ਨੇ ਦੁਰਯੋਧਨ ਦੁਆਰਾ ਪਤੀ ਦੀ ਬੇਪਤੀ ਹੁੰਦੇ ਵੇਖ ਬੜੇ ਦੰਦ ਪੀਹੇ ਪਰ ਉਹ ਕੁਝ ਵੀ ਨਾ ਕਰ ਸਕੇ।
84. ਦੰਦ ਖੱਟੇ ਕਰਨੇ- (ਹਰਾ ਦੇਣਾ) ਮਹਾਰਾਣਾ ਪ੍ਰਤਾਪ ਅਤੇ ਉਸ ਦੇ ਸਾਥੀ ਰਾਜਪੂਤਾਂ ਨੇ ਅਕਬਰ ਦੀਆਂ ਫ਼ੌਜਾਂ ਦੇ ਕਈ ਵਾਰੀ ਦੰਦ ਖੱਟੇ ਕੀਤੇ।
85. ਧੱਕਾ ਕਰਨਾ - (ਅਨਿਆਂ ਕਰਨਾ) ਚੰਗਾ ਰਾਜ-ਪ੍ਰਬੰਧ ਉਹ ਹੈ ਜਿਸ ਵਿੱਚ ਕਿਸੇ ਗ਼ਰੀਬ ਨਾਲ ਕਦੇ ਵੀ ਧੱਕਾ ਨਹੀਂ ਹੁੰਦਾ।
86. ਧੌਲਿਆਂ ਦੀ ਲਾਜ ਰੱਖਣੀ- (ਬਿਰਧ ਜਾਣ ਕੇ ਲਿਹਾਜ਼ ਕਰਨੀ) ਬਾਬਾ ਜੀ ਨੇ ਆਪਣੇ ਪੋਤਰੇ ਨੂੰ ਕਿਹਾ, 'ਮੇਰੇ ਪੌਲਿਆਂ ਦੀ ਲਾਜ ਰੱਖੀਂ ਤੇ ਭੁੱਲ ਕੇ ਵੀ ਕਦੇ ਗਲਤ ਕੰਮ ਨਾ ਕਰੀ'।
87. ਨੱਕ ਰੱਖਣਾ- (ਇੱਜ਼ਤ ਰੱਖਣੀ) ਭਾਰਤੀ ਹਾਕੀ ਟੀਮ ਨੇ ਉਲੰਪਿਕ ਖੇਡਾਂ ਵਿੱਚ ਮੈਡਲ ਜਿੱਤ ਕੇ ਭਾਰਤੀਆਂ ਦਾ ਨੱਕ ਰੱਖ ਲਿਆ।
88. ਨੱਕ ਰਗੜਨਾ (ਤਰਲੇ ਮਾਰਨਾ) ਜਦੋਂ ਰਾਮਾ ਨਕਲ ਕਰਦਾ ਫੜਿਆ ਗਿਆ ਤਾਂ ਉਸ ਨੇ ਸੈਂਟਰ-ਸੁਪਰਡੈਂਟ ਅੱਗੇ ਬਹੁਤ ਨੱਕ ਰਗੜੇ ਪਰ ਸੁਪਰਡੈਂਟ ਨੇ ਉਸ ਨੂੰ ਮਾਫ਼ ਨਾ ਕੀਤਾ।
89. ਨੱਕ ਚਾੜ੍ਹਨਾ- (ਨਫ਼ਰਤ ਕਰਨੀ) ਦੂਜਿਆਂ ਦੇ ਗੁਣਾਂ ਨੂੰ ਵੇਖੋ, ਉਹਨਾਂ ਦੀਆਂ ਕਮੀਆਂ ਵੇਖ-ਵੇਖ ਨੱਕ ਨਾ ਚੜਾਓ।
90. ਨੱਕ `ਤੇ ਮੱਖੀ ਨਾ ਬਹਿਣ ਦੇਣਾ- (ਨਖ਼ਰੇ ਕਰਨਾ) ਸਰਬਜੀਤ ਦਾ ਮਿਜ਼ਾਜ ਹੀ ਅਲੱਗ ਹੈ, ਕਦੇ ਨੱਕ 'ਤੇ ਮੱਖੀ ਨਹੀਂ ਬਹਿਣ ਦਿੰਦੀ।
91. ਪਾਜ ਖੁੱਲ ਜਾਣਾ- (ਭੇਦ ਖੁੱਲ੍ਹ ਜਾਣਾ) ਲੁਕ-ਛਿਪ ਕੇ ਵੀ ਬੁਰਾ ਕੰਮ ਨਾ ਕਰੋ ਕਿਉਂਕਿ ਅਜਿਹੇ ਕੰਮ ਦਾ ਪਾਜ ਖੁੱਲ੍ਹਣ ਨੂੰ ਦੇਰ ਨਹੀਂ ਲੱਗਦੀ।
92. ਪਾਪੜ ਵੇਲਣਾ - (ਕਈ ਕੰਮ ਕਰਨੇ) ਆਮ ਆਦਮੀ ਨੂੰ ਘਰ ਦੇ ਖ਼ਰਚੇ ਪੂਰੇ ਕਰਨ ਲਈ ਕਈ ਤਰ੍ਹਾਂ ਦੇ ਪਾਪੜ ਵੇਲਣੇ ਪੈਂਦੇ ਹਨ।
93. ਪੁੱਠੀਆਂ ਛਾਲਾਂ ਮਾਰਨੀਆਂ- (ਬਹੁਤ ਖ਼ੁਸ਼ ਹੋਣਾ) ਜਦੋਂ ਖਿਡਾਰੀ ਮੈਚ ਜਿੱਤ ਗਏ ਤਾਂ ਉਹ ਪੁੱਠੀਆਂ ਛਾਲਾਂ ਮਾਰਨ ਲੱਗੇ।
94. ਪੈਰਾਂ ਹੇਠੋਂ ਜ਼ਮੀਨ ਖਿਸਕਣਾ- (ਘਬਰਾ ਜਾਣਾ) ਪੁਲਿਸ ਦੀ ਗੱਡੀ ਨੂੰ ਸਾਮਣੇ ਤੋਂ ਆਉਂਦਿਆਂ ਵੇਖ ਕੇ ਸਮਗਲਰਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
95. ਫਿੱਕੇ ਪੈਣਾ- (ਸ਼ਰਮਿੰਦੇ ਹੋਣਾ) ਝੂਠ ਬੋਲ ਕੇ ਵਿਆਹ ਕਰਾਉਣ ਵਾਲੇ ਅੰਤ ਨੂੰ ਛਿੱਕੇ ਪੈਂਦੇ ਹਨ।
96. ਫੁੱਟੀ ਅੱਖ ਨਾ ਭਾਉਣਾ - (ਨਫ਼ਰਤ ਕਰਨਾ) ਵੱਢੀਖੋਰ ਕਿਸੇ ਨੂੰ ਫੁੱਟੀ ਅੱਖ ਨਹੀਂ ਭਾਉਂਦੇ।
97. ਫੁੱਲੇ ਨਾ ਸਮਾਉਣਾ- (ਬਹੁਤ ਖ਼ੁਸ਼ ਹੋਣਾ) ਮੀਨੂੰ ਆਪਣੀ ਭੈਣ ਦੇ ਪੀ. ਸੀ. ਐੱਸ. ਵਿੱਚ ਚੁਣੇ ਜਾਣ ’ਤੇ ਫੁੱਲੀ ਨਹੀਂ ਸਮਾ ਰਹੀ ਸੀ।
98. ਬਾਂਹ ਭੱਜਣੀ- (ਆਸਰਾ ਟੁੱਟ ਜਾਣਾ) ਸੰਸਾਰ ਵਿੱਚ ਰੂਸ ਦੇ ਟੁੱਟਣ 'ਤੇ ਭਾਰਤ ਨੂੰ ਆਪਣੀ ਬਾਂਹ ਭੱਜੀ ਪ੍ਰਤੀਤ ਹੋਈ।
99. ਬੁੱਕਲ ਵਿੱਚ ਮੂੰਹ ਦੇਣਾ - (ਸ਼ਰਮਿੰਦਾ ਹੋਣਾ) ਪਹਿਲਾਂ ਤਾਂ ਸਾਨੂੰ ਚੁਗਲੀ ਕਰਨੀ ਹੀ ਨਹੀਂ ਚਾਹੀਦੀ, ਬਾਅਦ ਵਿੱਚ ਬੁੱਕਲ ਵਿੱਚ ਮੂੰਹ ਦੇਣ ਦਾ ਕੀ ਫਾਇਦਾ।
100. ਭੰਡੀ ਕਰਨੀ- (ਬੁਰਾਈ ਕਰਨੀ) ਨੂੰਹ ਤੇ ਸੱਸ ਦੋਵੇਂ ਚੰਗੀਆਂ ਹਨ, ਕਦੇ ਵੀ ਇੱਕ-ਦੂਜੇ ਦੀ ਭੰਡੀ ਨਹੀਂ ਕਰਦੀਆਂ।
101. ਮੈਦਾਨ ਮਾਰਨਾ- (ਜਿੱਤ ਹਾਸਲ ਕਰਨੀ) ਸਾਡੇ ਸਕੂਲ ਦੀ ਟੀਮ ਸ਼ੁਰੂ ਤੋਂ ਹੀ ਤਕੜੀ ਸੀ। ਟੂਰਨਾਮੈਂਟ ਵਿੱਚ ਹੋਰ ਸਾਰੇ ਸਕੂਲਾਂ ਤੋਂ ਮੈਦਾਨ ਮਾਰ ਲਿਆ ਹੈ।
102. ਮੂੰਹ ਦੀ ਖਾਣੀ- (ਹਾਰ ਹੋਣੀ) ਫ਼ਾਂਸ ਭਾਰਤ ਉੱਤੇ ਕਬਜ਼ਾ ਕਰਨਾ ਚਾਹੁੰਦਾ ਸੀ ਪਰ ਉਸ ਨੂੰ ਅੰਗਰੇਜ਼ਾਂ ਤੋਂ ਮੂੰਹ ਦੀ ਖਾਣੀ ਪਈ।
103 . ਮੁੱਠੀ ਗਰਮ ਕਰਨੀ- (ਰਿਸ਼ਵਤ ਦੇਣੀ) ਨੌਕਰੀਆਂ ਪ੍ਰਾਪਤ ਕਰਨ ਲਈ ਅਜੇ ਵੀ ਵੱਡੇ ਅਫ਼ਸਰਾਂ ਦੀ ਮੁੱਠੀ ਗਰਮ ਕਰਨੀ ਪੈਂਦੀ ਹੈ।
104. ਮੱਖਣ ਵਿੱਚੋਂ ਵਾਲ ਵਾਂਗੂ ਕੱਢਣਾ- (ਅਸਾਨੀ ਨਾਲ ਦੁਸ਼ਮਣ ਨੂੰ ਹਰਾ ਦੇਣਾ) ਹਰੀ ਨੇ ਧੋਖਾ ਕਰਕੇ ਪਾਲ ਨੂੰ ਆਪਣੇ ਸਾਂਝੇ ਕਾਰੋਬਾਰ ਵਿੱਚੋਂ ਮੱਖਣ ਵਿੱਚੋਂ ਵਾਲ ਵਾਂਗੂੰ ਕੱਢ ਦਿੱਤਾ।
105 . ਯੱਕੜ ਮਾਰਨੇ- (ਗੱਪ ਮਾਰਨਾ) ਸੁਰਜੀਤ ਹਰ ਵਕਤ ਯੱਕੜ ਮਾਰਦਾ ਰਹਿੰਦਾ ਹੈ, ਕੋਈ ਕੰਮ ਦੀ ਗੱਲ ਨਹੀਂ ਕਰਦਾ।
106. ਰਾਈ ਦਾ ਪਹਾੜ ਬਣਾਉਣਾ - (ਵਧਾ-ਚੜ੍ਹਾ ਕੇ ਗੱਲ ਕਰਨੀ) ਚੰਗੇ ਪੱਤਰਕਾਰ ਕਿਸੇ ਘਟਨਾ ਨੂੰ ਜਿੰਨੀ ਕੁ ਹੁੰਦੀ ਹੈ, ਓਨੀ ਹੀ ਦੱਸਦੇ ਹਨ, ਰਾਈ ਦਾ ਪਹਾੜ ਨਹੀਂ ਬਣਾਉਂਦੇ।
107. ਰਫੂ ਚੱਕਰ ਹੋ ਜਾਣਾ- (ਦੌੜ ਜਾਣਾ) ਜੇਬ-ਕਤਰਾ ਮੇਰੀ ਜੇਬ ਕੱਟ ਕੇ ਰਫੂ ਚੱਕਰ ਹੋ ਗਿਆ।
108 . ਰੰਗ ਉੱਡ ਜਾਣਾ- (ਘਬਰਾ ਜਾਣਾ) ਇਮਤਿਹਾਨ ਵਿੱਚੋਂ ਫ਼ੇਲ੍ਹ ਹੋਣ ਦੀ ਖ਼ਬਰ ਸੁਣ ਕੇ ਬਿੱਲੂ ਦਾ ਰੰਗ ਉੱਡ ਗਿਆ।
109. ਲੜ ਫੜਨਾ- (ਆਸਰਾ ਲੈਣਾ) ਸੰਬੰਧੀ ਜਾਂ ਮਿੱਤਰ ਉਹੋ ਹੀ ਵਡਿਆਈ ਯੋਗ ਹੁੰਦਾ ਹੈ, ਜਿਸ ਦਾ ਭੀੜ ਪੈਣ ਤੇ ਤੁਸੀਂ ਲੜ ਫੜ ਸਕੇ।
110. ਲਹੂ ਪੱਘਰਨਾ- (ਪਿਆਰ ਜਾਗ ਪੈਣਾ) ਅਪਣੀ ਉਲਾਦ ਲਈ ਮਾਂ ਬਾਪ ਦਾ ਲਹੂ ਪੱਘਰ ਹੀ ਜਾਂਦਾ ਹੈ, ਚਾਹੇ ਉਹ ਕਸੂਰਵਾਰ ਹੀ ਕਿਉਂ ਨਾ ਹੋਵੇ।
111. ਲਹੂ ਸੁੱਕਣਾ- (ਫ਼ਿਕਰ ਹੋਣਾ) ਇਮਤਿਹਾਨਾਂ ਦਾ ਅਜਿਹਾ ਹਊਆ ਬਣਿਆ ਹੋਇਆ ਹੈ ਕਿ ਵਿਦਿਆਰਥੀਆਂ ਦਾ ਸਾਰਾ ਸਾਲ ਹੀ ਲਹੂ ਸੁੱਕਦਾ ਰਹਿੰਦਾ ਹੈ।
112. ਵਾਲ ਵਿੰਗਾ ਨਾ ਹੋਣਾ- (ਕੋਈ ਨੁਕਸਾਨ ਨਾ ਹੋਣਾ) ਦੁਰਘਟਨਾ ਵਿੱਚ ਦੋਹਾਂ ਕਾਰਾਂ ਦਾ ਬਹੁਤ ਨੁਕਸਾਨ ਹੋਇਆ ਪਰ ਸਵਾਰੀਆਂ ਦਾ ਵਾਲ ਵਿੰਗਾ ਨਾ ਹੋਇਆ।
113. ਵੇਲੇ ਨੂੰ ਰੋਣਾ- (ਪਛਤਾਉਣਾ) ਜੋ ਲੋਕ ਸਮੇਂ ਦੀ ਕਦਰ ਨਹੀਂ ਕਰਦੇ, ਉਹ ਬੀਤੇ ਵੇਲੇ ਨੂੰ ਰੋਂਦੇ ਹਨ।