ਫ਼ੈਸਲਾ ਪੰਜਾਬੀ ਬਾਲ ਕਹਾਣੀ : In this article, we are providing ਫ਼ੈਸਲਾ ਪੰਜਾਬੀ ਬਾਲ ਕਹਾਣੀ for Kids and Students. Moral Story on Decision Making in Punjabi.
Moral Story on Decision Making in Punjabi ਫ਼ੈਸਲਾ ਪੰਜਾਬੀ ਬਾਲ ਕਹਾਣੀ
ਸ਼ੈਰੀ ’ਤੇ ਜੁਗਨੂੰ ਦੋਵੇਂ ਦੋਸਤ ਸਨ। ਦੋਵੇਂ ਕਈ ਦਿਨਾਂ ਤੋਂ ਦਿਵਾਲੀ ਵਾਲੇ ਦਿਨ ਵੱਖ-ਵੱਖ ਤਰ੍ਹਾਂ ਦੇ ਪਟਾਕੇ ਖ਼ਰੀਦਣ ਦੀਆਂ ਵਿਉਂਤਾਂ ਘੜ ਰਹੇ ਸਨ।
ਦਿਵਾਲੀ ਦਾ ਦਿਨ ਵੀ ਆ ਗਿਆ। ਸਵੇਰ ਤੋਂ ਹੀ ਬਜ਼ਾਰ ਵਿੱਚ ਖੂਬ ਚਹਿਲ-ਪਹਿਲ ਸੀ। ਦੁਪਹਿਰ ਵੇਲੇ ਸ਼ੈਰੀ ਨੇ ਜੁਗਨੂੰ ਦੇ ਘਰ ਦੀ ਕਾਲ-ਐੱਲ ਦਬਾਈ। ਜੁਗਨੂੰ ਬਾਹਰ ਆਇਆ ਤਾਂ ਸ਼ੈਰੀ ਬੋਲਿਆ, “ਚਾਰ ਵੱਜਣ ਵਾਲੇ ਨੇ; ਕਦੋਂ ਖ਼ਰੀਦਣ ਜਾਵਾਂਗੇ, ਪਟਾਕੇ ??
ਜੁਗਨੂੰ ਨੇ ਕਿਹਾ, “ਹੁਣੇ-ਹੁਣੇ ਗਗਨ ਦਾ ਵੀ ਫ਼ੋਨ ਆਇਐ।ਉਹ ਵੀ ਆਪਣੇ ਨਾਲ ਬਜ਼ਾਰ ਜਾਏਗਾ। ਬੱਸ ਪੰਜ-ਸੱਤ ਮਿੰਟਾਂ ਵਿੱਚ ਈ ਆ ਜਾਵੇਗਾ।
ਸ਼ੈਰੀ ਇਕਦਮ ਬੋਲ ਪਿਆ, “ਮੈਂ ਜਾਣਦਾ ਆਂ, ਗਗਨ ਦੇ ਪੰਜ-ਸੱਤ ਮਿੰਟ ਕਿੰਨੇ ਵੱਡੇ ਹੁੰਦੇ ਨੇ। ਮੈਂ ਖੁਦ ਲੈਣ ਜਾ ਰਿਹਾਂ, ਉਸ ਵੱਡੇ ਸਾਹਿਬ ਨੂੰ। ਤੂੰ ਆਪਣੀ ਤਿਆਰੀ ਰੱਖ, ਬੱਸ।ਇਹ ਆਖ ਕੇ ਸ਼ੈਰੀ ਇਕਦਮ ਬਾਹਰ ਨਿਕਲਿਆ ਤੇ ਸਾਈਕਲ 'ਤੇ ਉਸ ਦੇ ਘਰ ਵੱਲ ਰਵਾਨਾ ਹੋ ਗਿਆ।
ਅਜੇ ਸ਼ੈਰੀ ਨੂੰ ਗਿਆਂ ਕੁਝ ਈ ਦੇਰ ਹੋਈ ਹੋਵੇਗੀ ਕਿ ਜੁਗਨੂੰ ਦੇ ਘਰ ਉਸ ਦੇ ਪੰਜਾਬੀ ਵਾਲੇ ਮੈਡਮ ਸ੍ਰੀਮਤੀ ਜਤਿੰਦਰ ਕੌਰ ਆ ਗਏ। ਉਹਨਾਂ ਦੇ ਹੱਥ ਵਿੱਚ ਉਸ ਦਿਨ ਦਾ ਅਖ਼ਬਾਰ ਸੀ। ਜੁਗਨੂੰ ਨੇ ਉਹਨਾਂ ਨੂੰ ਡਾਇੰਗ- ਰੂਮ ਵਿੱਚ ਬਿਠਾਇਆ ਤੇ ਪਾਣੀ ਦਾ ਗਲਾਸ ਲੈਣ ਚਲਾ ਗਿਆ।
ਜਤਿੰਦਰ ਕੌਰ ਮੈਡਮ ਜੁਗਨੂੰ ਨੂੰ ਆਖਣ ਲੱਗੇ, “ਜੁਗਨੂੰ, ਮੈਂ ਤੁਹਾਡੇ ਭਲੇ ਦੀ ਇੱਕ ਗੱਲ ਆਖਣ ਆਈ ਆਂ।ਇਹ ਨਾ ਸੋਚੀਂ ਕਿ ਮੈਡਮ ਦਿਵਾਲੀ ਵਾਲੇ ਦਿਨ ਮੂਡ ਖ਼ਰਾਬ ਕਰਨ ਆ ਗਏ ਨੇ।
ਜੁਗਨੂੰ ਨੇ ਉਤਸੁਕਤਾ ਨਾਲ ਪੁੱਛਿਆ, “ਨਹੀਂ, ਮੈਡਮ ਜੀ, ਦੱਸੋ ਕੀ ਗੱਲ ਹੈ ?? | ਮੈਡਮ ਨੇ ਜੁਗਨੂੰ ਨੂੰ ਸਵਾਲ ਕੀਤਾ, “ਪਹਿਲਾਂ ਇਹ ਦੱਸ ਕਿ ਤੂੰ ਪਟਾਕੇ ਖ਼ਰੀਦ ਲਿਆਇਆ ਏਂ ਜਾਂ ਨਹੀਂ ??
ਜੁਗਨੂੰ ਨੇ ਕਿਹਾ, “ਨਹੀਂ ਮੈਡਮ ਜੀ, ਅਜੇ ਤਾਂ ਨਹੀਂ, ਖ਼ਰੀਦੇ, ਬੱਸ ਹੁਣੇ ਬਜ਼ਾਰ ਚੱਲੇ ਆਂ। ਮੇਰੇ ਨਾਲ ਸ਼ੈਰੀ ਤੇ ਗਗਨ ਵੀ ਜਾਣਗੇ।
ਮੈਡਮ ਨੇ ਪਾਣੀ ਦਾ ਗਲਾਸ ਪੀ ਕੇ ਮੇਜ਼ 'ਤੇ ਰੱਖਦਿਆਂ ਆਖਿਆ, “ਦੇਖ ਬੇਟਾ, ਕੁਦਰਤ ਨੇ ਸਾਡੇ ਸਾਰਿਆਂ ਦੇ ਬਚਾਅ ਲਈ ਸਪੇਸ ਵਿੱਚ ਕੁਦਰਤੀ ਛਤਰੀ ਤਾਣੀ ਹੋਈ ਹੈ, ਤੁਹਾਨੂੰ ਸਾਇੰਸ ਵਾਲੇ ਅਧਿਆਪਕ ਨੇ ਪੜ੍ਹਾਇਆ ਈ ਹੋਣੈ ?”
‘ਕੀ?' ਦੋਵੇਂ ਇਕੱਠੀ ਅਵਾਜ਼ ਵਿੱਚ ਚੌਂਕ ਜਿਹਾ ਪਏ। ਜੁਗਨੂੰ ਬੋਲਿਆ, “ਪਹਿਲਾਂ ਇਹ ਲੇਖ ਪੜੋ, ਅਖ਼ਬਾਰ ਵਾਲਾ....” ਆਖ ਕੇ ਜੁਗਨੂੰ ਤੇ ਸ਼ੈਰੀ ਵੱਲ ਅਖ਼ਬਾਰ ਕਰ ਦਿੱਤੀ।ਜਿਉਂ-ਜਿਉਂ ਦੋਵੇਂ ਦੋਸਤ ਲੇਖ ਪੜ੍ਹ ਰਹੇ ਸਨ, ਤਿਉਂ-ਤਿਉਂ ਉਹਨਾਂ ਦੇ ਚਿਹਰੇ ਕੁਝ ਹੋਰ ਦੇ ਹੋਰ ਹੁੰਦੇ ਜਾ ਰਹੇ ਸਨ।
“ਕੀ ਹੋਵੇਗਾ, ਇਹਦੇ ਬਾਰੇ ? ਇਸ ਨੂੰ ਓਜ਼ੋਨ ਦੀ ਪਰਤ ਕਹਿੰਦੇ ਨੇ ਜਿਹੜੀ ਕਿ ਸਾਨੂੰ ਸੂਰਜ ਦੀਆਂ ਪਰਾਬੈਂਗਣੀ ਕਿਰਨਾਂ ਤੋਂ ਬਚਾਉਂਦੀ ਹੈ। ਫੈਕਟਰੀਆਂ, ਗੱਡੀਆਂ ਅਤੇ ਖੇਤਾਂ ਵਿੱਚ ਫ਼ਸਲਾਂ ਕੱਟਣ ਤੋਂ ਬਾਅਦ
ਜਿਹੜੀ ਪਰਾਲੀ ਵਗੈਰਾ ਨੂੰ ਅੱਗ ਲਾਈ ਜਾਂਦੀ ਏ, ਉਸ ਦਾ ਧੂੰਆਂ ਇਸ ਕੁਦਰਤੀ ਛਤਰੀ ਨੂੰ ਬੇਹੱਦ ਨੁਕਸਾਨ ਪੁਚਾ ਰਿਹੈ। ਇਹੀ ਕਾਰਨ ਹੈ ਕਿ ਜ਼ਹਿਰੀਲੇ ਧੂੰਏਂ ਨੇ ਇਸ ਬਚਾਅ-ਛਤਰੀ ਵਿੱਚ ਵੱਡੇ-ਵੱਡੇ ਸੁਰਾਖ਼ ਕਰ ਦਿੱਤੇ ਨੇ।
ਜੁਗਨੂੰ ਨੇ ਡਰ ਪ੍ਰਗਟ ਕਰਦਿਆਂ ਕਿਹਾ, “ਫਿਰ ਤਾਂ ਮੈਡਮ, ਅੱਜ ਦਿਵਾਲੀ ਨੂੰ ਜਿਹੜੇ ਲੱਖਾਂ-ਕਰੋੜਾਂ ਪਟਾਕੇ ਚੱਲਣੇ ਨੇ, ਉਹਨਾਂ ਨੇ ਇਸ ਪਰਤ ਨੂੰ ਹੋਰ ਵੀ ਨੁਕਸਾਨ ਪੁਚਾ ਦੇਣੈ ...
ਜੁਗਨੂੰ ਦੀ ਇਹ ਗੱਲ ਸੁਣ ਕੇ ਮੈਡਮ ਜਤਿੰਦਰ ਕੌਰ ਇਕਦਮ ਬੋਲੇ, “ਹਾਂ ਜੁਗਨੂੰ, ਇਹੋ ਗੱਲ ਤੇ ਮੈਂ ਤੈਨੂੰ ਸਮਝਾਉਣ ਆਈ ਆਂ ਤੇ ਨਾਲ ਹੀ ਫਿਰ ਉਹਨਾਂ ਨੇ ਜੁਗਨੂੰ ਨੂੰ ਇੱਕ ਹੋਰ ਸਵਾਲ ਕਰ ਦਿੱਤਾ, “ਨਾਲੇ ਪਤੈ, ਜੇ ਅਸੀਂ ਇਸ ਜ਼ਹਿਰੀਲੇ ਧੂੰਏਂ ਪ੍ਰਤਿ ਇਸੇ ਤਰ੍ਹਾਂ ਬੇਖ਼ਬਰ ਰਹੇ ਹਾਂ, ਕੀ ਹੋਵੇਗਾ ??
ਜੁਗਨੂੰ ਨੇ ‘ਨਾਂਹ` ਵਿੱਚ ਸਿਰ ਹਿਲਾ ਦਿੱਤਾ।
ਮੈਡਮ ਬੜੇ ਸਹਿਜ ਨਾਲ ਬੋਲੇ, ‘ਓਜ਼ੋਨ ਦੀ ਪਰਤ ਵਿੱਚ ਪੈ ਰਹੇ ਮੋਘੇ ਹੋਰ ਵੱਡੇ ਹੋ ਜਾਣਗੇ। ਨਤੀਜਾ ਇਹ ਹੋਵੇਗਾ ਕਿ ਸੂਰਜ ਦੀਆਂ ਪਰਾਬੈਂਗਣੀ ਕਿਰਨਾਂ ਕੇਵਲ ਫ਼ਸਲਾਂ, ਪ੍ਰਕਿਰਤੀ, ਪਸ਼ੂ-ਪੰਛੀਆਂ ਨੂੰ ਹੀ ਨਹੀਂ, ਸਗੋਂ ਸਮੁੱਚੀ ਮਨੁੱਖ-ਜਾਤੀ ਨੂੰ ਆਪਣਾ ਸ਼ਿਕਾਰ ਬਣਾ ਲੈਣਗੀਆਂ। ਜੇ ਇਹਨਾਂ ਪਰਾਬੈਂਗਣੀ ਕਿਰਨਾਂ ਦਾ ਮਾਰੂ ਅਸਰ ਦਿਨੋ-ਦਿਨ ਵਧਦਾ ਗਿਆ ਤਾਂ ਮਨੁੱਖ ਦੀ ਆਉਣ ਵਾਲੀ ਸੰਤਾਨ ਅਤੇ ਫ਼ਸਲਾਂ ਵਿਕਸਿਤ ਨਹੀਂ ਹੋ ਸਕਣਗੀਆਂ ਤੇ ਇਸ ਤਰ੍ਹਾਂ ਮਨੁੱਖਤਾ ਹੌਲੀ-ਹੌਲੀ....। ਜੇ ਅਸੀਂ ਇਸ ਖ਼ਤਰੇ ਨੂੰ ਬਿਲਕੁਲ ਖ਼ਤਮ ਨਹੀਂ ਕਰ ਸਕਦੇ ਤਾਂ ਮਿਲ-ਜੁਲ ਕੇ ਜਿੰਨਾ ਹੋ ਸਕਦਾ ਏ, ਰੋਕਣ ਦਾ ਤਾਂ ਯਤਨ ਕਰਨਾ ਈ ਚਾਹੀਦੈ, ਕਿ ਨਹੀਂ ? ਫ਼ੈਸਲਾ ਹੁਣ ਤੁਹਾਡੇ ਸਾਰਿਆਂ ਦੇ ਹੱਥ ਵਿੱਚ ਹੈ। ਮੈਂ ਇਹ ਅਖ਼ਬਾਰ ਲੈ ਕੇ ਆਈ ਸੀ। ਇਸ ਵਿੱਚ ਪਟਾਕਿਆਂ ਦੇ ਨੁਕਸਾਨ ਤੇ ਜ਼ਹਿਰੀਲੇ ਧੂੰਏਂ ਬਾਰੇ ਲਿਖਿਆ ਹੋਇਐ।ਆਪ ਵੀ ਪੜਾਂ ਤੇ ਆਪਣੇ ਦੋਸਤਾਂ ਨੂੰ ਵੀ ਪੜ੍ਹਾਦੇਵੀਂ...। | ਇਹ ਆਖ ਕੇ ਜਤਿੰਦਰ ਮੈਡਮ ਉਸ ਨੂੰ ਅਖ਼ਬਾਰ ਦੇ ਕੇ ਚਲੇ ਗਏ।
ਅਜੇ ਉਹਦੇ ਦੋਵੇਂ ਦੋਸਤ ਆਏ ਨਹੀਂ ਸਨ।ਜਿਉਂ-ਜਿਉਂ ਜੁਗਨੂੰ ਅਖ਼ਬਾਰ ਪੜ੍ਹ ਰਿਹਾ ਸੀ, ਉਸ ਦੀਆਂ ਅੱਖਾਂ ਖੁੱਲ੍ਹਦੀਆਂ ਜਾ ਰਹੀਆਂ ਸਨ।
ਚਾਣਚੱਕ ਬੂਹੇ ਦੀ ਘੰਟੀ ਵੱਜੀ।ਜੁਗਨੂੰ ਦੀ ਮੰਮੀ ਨੇ ਦਰਵਾਜ਼ਾ ਖੋਲ੍ਹਿਆ। ਸ਼ੈਰੀ ਤੇ ਗਗਨ ਅੰਦਰ ਆ ਗਏ। ਜੁਗਨੂੰ ਅਖ਼ਬਾਰ ਪੜ੍ਹਨ ਵਿੱਚ ਮਸਤ ਸੀ।
‘ਕੀ ਪੜ੍ਹਨ ਵਿੱਚ ਮਸਤ ਹੋ, ਜਨਾਬ... ? ਛੱਡ ਪਰ੍ਹਾਂ, ਅਖ਼ਬਾਰ ਬਜ਼ਾਰ ਚੱਲੀਏ, ਪਹਿਲਾਂ ਈ ਬੜੀ ਦੇਰ ਹੋ ਗਈ ਆ, ਸ਼ੈਰੀ ਨੇ ਜੁਗਨੂੰ ਨੂੰ ਆਖਿਆ।
ਜੁਗਨੂੰ ਬੋਲਿਆ, “ਸੌਰੀ ਸ਼ੈਰੀ, ਮੈਂ ਪਟਾਕੇ ਨਹੀਂ ਖ਼ਰੀਦਾਂਗਾ।' ਉਹ ਗਰਮ ਲੋਹੇ ’ਤੇ ਸੱਟ ਮਾਰਦਾ ਬੋਲਿਆ। ‘ਜੇ ਪੂਰੀ ਦੀ ਪੂਰੀ ਪਰਤ ਜ਼ਹਿਰੀਲੇ ਧੂੰਏਂ ਨੇ ਹੀ ਗਾਲ ਛੱਡੀ ਤਾਂ ਸਾਡੇ ਕੋਲ ਕੀ ਬਚੇਗਾ ? ਅਸੀਂ ਵੀ ਤੇ ਖ਼ਤਮ ਹੋ ਜਾਵਾਂਗੇ।
ਸ਼ੈਰੀ ਨੇ ਆਖਿਆ, “ਦਿਵਾਲੀ ਦੇ ਪਟਾਕਿਆਂ ਦਾ ਧੂੰਆਂ ਏਨਾ ਖ਼ਤਰਨਾਕ ਹੋ ਸਕਦੈ, ਇਹ ਤਾਂ ਆਪਾਂ ਕਦੇ ਸੋਚਿਆ ਵੀ ਨਹੀਂ ਸੀ।
ਅਜੇ ਤਿੰਨੇ ਮਿੱਤਰ ਆਪਸ ਵਿੱਚ ਗੱਲਾਂ ਕਰ ਹੀ ਰਹੇ ਸਨ ਕਿ ਗੁਆਂਢ ਵਿੱਚ ਚੀਕਾਂ ਦੀ ਅਵਾਜ਼ ਸੁਣਾਈ ਦਿੱਤੀ। ਪਤਾ ਲੱਗਿਆ ਕਿ ਕਿਸੇ ਦੇ ਘਰ ਸਫ਼ਾਈ ਕਰਨ ਤੋਂ ਬਾਅਦ ਜਦੋਂ ਸਰਘੀ, ਜਿਹੜੀ ਜੁਗਨੂੰ ਹੋਰਾਂ ਨਾਲ ਹੀ ਪੜ੍ਹਦੀ ਸੀ, ਦੇ ਮੰਮੀ ਆਪਣੇ ਘਰ ਆ ਰਹੇ ਸਨ ਤਾਂ ਇੱਕ ਸ਼ਰਾਰਤੀ ਲੜਕੇ ਨੇ ਵੱਡੇ ਪਟਾਕੇ ਨੂੰ ਅੱਗ ਲਾ ਕੇ ਸੜਕ 'ਤੇ ਸੁੱਟ ਦਿੱਤਾ ਸੀ। ਜਦੋਂ ਸਰਘੀ ਦੇ ਮੰਮੀ ਅਚਾਨਕ ਉਸ ਕੋਲੋਂ ਲੰਘਣ ਲੱਗੇ ਤਾਂ ਪਟਾਕੇ ਦੀਆਂ ਕੁਝ ਚੰਗਿਆੜੀਆਂ ਸਰਘੀ ਦੇ ਮੰਮੀ ਦੀਆਂ ਅੱਖਾਂ ਵਿੱਚ ਪੈ ਗਈਆਂ ਸਨ ਤੇ ਉਹ ਜ਼ਖ਼ਮੀ ਹਾਲਤ ਵਿੱਚ ਰੋ-ਕੁਰਲਾ ਰਹੇ ਸਨ। ਉਹਨਾਂ ਨੂੰ ਫ਼ੌਰਨ ਹਸਪਤਾਲ ਲਿਜਾਇਆ ਗਿਆ।
ਤਿੰਨਾਂ ਦੋਸਤਾਂ ਨੇ ਆਪਸ ਵਿੱਚ ਫ਼ੈਸਲਾ ਕੀਤਾ ਕਿ ਜਿਨ੍ਹਾਂ ਰੁਪਇਆਂ ਦੇ ਉਹ ਪਟਾਕੇ ਖ਼ਰੀਦਣ ਲਈ ਬਜ਼ਾਰ ਜਾਣ ਦੀਆਂ ਵਿਉਂਤਾਂ ਬਣਾ ਰਹੇ ਸਨ, ਉਹੀ ਪੈਸੇ ਸਰਘੀ ਦੇ ਘਰ ਵਾਲਿਆਂ ਨੂੰ ਦੇ ਦਿੱਤੇ ਜਾਣ। ਇਹ ਸਲਾਹ ਕਰਕੇ ਉਹ ਤਿੰਨੇ ਮਿੱਤਰ ਹਸਪਤਾਲ ਵੱਲ ਰਵਾਨਾ ਹੋ ਗਏ।
0 comments: