Shaheed Udham Singh Biography in Punjabi, “ਸ਼ਹੀਦ ਭਗਤ ਸਿੰਘ ਬਾਰੇ ਲੇਖ ਪੰਜਾਬੀ”

Admin
0
Shaheed Udham Singh Biography in Punjabi Language: In this article, we are providing ਸ਼ਹੀਦ ਭਗਤ ਸਿੰਘ ਬਾਰੇ ਲੇਖ ਪੰਜਾਬੀ for students. Shaheed Udham Singh History in Punjabi Language.

Shaheed Udham Singh Biography in Punjabi, “ਸ਼ਹੀਦ ਭਗਤ ਸਿੰਘ ਬਾਰੇ ਲੇਖ ਪੰਜਾਬੀ” 

ਹਿੰਦੁਸਤਾਨ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਅਜ਼ਾਦ ਕਰਵਾਉਣ ਲਈ ਦੇਸ਼ਵਾਸੀਆਂ ਨੂੰ ਇੱਕ ਲੰਮਾ ਸੰਘਰਸ਼ ਕਰਨਾ ਪਿਆ। ਇਸ ਲੰਮੇ ਤੇ ਕੁਰਬਾਨੀਆਂ ਦੇ ਇਤਿਹਾਸ ਵਿੱਚ ਪੰਜਾਬੀਆਂ ਨੇ ਸਭ ਤੋਂ ਵੱਧ ਹਿੱਸਾ ਪਾਇਆ।ਜਿਨ੍ਹਾਂ ਸ਼ਹੀਦਾਂ ਦੇ ਯਤਨਾਂ ਸਦਕਾ ਸਾਡਾ ਦੇਸ਼ ਅਜ਼ਾਦ ਹੋਇਆ, ਉਹਨਾਂ ਨੂੰ ਵਿਸਾਰਿਆ ਨਹੀਂ ਜਾ ਸਕਦਾ।ਉਹ ਸਾਡੇ ਇਤਿਹਾਸ ਦਾ ਗੌਰਵ ਤੇ ਮਾਣ ਹਨ। ਅਜਿਹੇ ਸੂਰਬੀਰ ਅਤੇ ਅਣਖੀਲੇ ਯੋਧਿਆਂ ਵਿੱਚ ਸ: ਊਧਮ ਸਿੰਘ ਦਾ ਨਾਂ ਬਹੁਤ ਹੀ ਸਤਿਕਾਰ ਦਾ ਪਾਤਰ ਹੈ। ਉਸ ਨੂੰ ਆਪਣਾ ਨਾਂ ਊਧਮ ਸਿੰਘ ਦੀ ਥਾਂ ‘ਰਾਮ ਮੁਹੰਮਦ ਸਿੰਘ ਆਜ਼ਾਦ’ ਵਧੇਰੇ ਪਸੰਦ ਸੀ। ਇਸ ਵਿੱਚ ਰਾਮ ਹਿੰਦੂਆਂ ਦਾ, ਮੁਹੰਮਦ ਮੁਸਲਮਾਨਾਂ ਦਾ, ਸਿੰਘ ਸਿੱਖਾਂ ਦਾ ਅਤੇ ਆਜ਼ਾਦ ਹਿੰਦੁਸਤਾਨ ਦੀ ਅਜ਼ਾਦੀ ਦਾ ਪ੍ਰਤੀਕ ਸੀ।

Shaheed Udham Singh Biography in Punjabi, “ਸ਼ਹੀਦ ਭਗਤ ਸਿੰਘ ਬਾਰੇ ਲੇਖ ਪੰਜਾਬੀ”

ਊਧਮ ਸਿੰਘ ਦਾ ਜਨਮ 26 ਦਸੰਬਰ, 1898 ਨੂੰ ਪਿੰਡ ਸੁਨਾਮ ਜ਼ਿਲ੍ਹਾ ਸੰਗਰੂਰ (ਪੰਜਾਬ) ਵਿਖੇ ਹੋਇਆ। ਉਸ ਦਾ ਪਿਤਾ ਸ. ਟਹਿਲ ਸਿੰਘ ਕੰਬੋਜ ਬਰਾਦਰੀ 'ਚੋਂ ਸੀ ਅਤੇ ਰੇਲਵੇ ਫਾਟਕ ਦੀ ਚੌਕੀਦਾਰੀ ਕਰਦਾ ਸੀ।ਉਸ ਦੀ ਮਾਤਾ ਦਾ ਨਾਂ ਨਰਾਇਣ ਕੌਰ ਸੀ।ਊਧਮ ਸਿੰਘ ਅਜੇ ਬਾਲ ਹੀ ਸੀ ਜਦੋਂ ਉਸ ਦੇ ਮਾਤਾ-ਪਿਤਾ ਚੱਲ ਵੱਸੇ ਤੇ ਊਧਮ ਸਿੰਘ ਯਤੀਮ ਹੋ ਗਿਆ। ਗਿਆਨੀ ਚੈਂਚਲ ਸਿੰਘ ਇੱਕ ਬਹੁਤ ਰਹਿਮ-ਦਿਲ ਪਿੰਡਵਾਸੀ ਸੀ। ਉਸ ਨੇ ਲੰਮੀ ਸੋਚ ਕੇ ਬਾਲ ਊਧਮ ਸਿੰਘ ਨੂੰ ਸੈਂਟਰਲ ਖ਼ਾਲਸਾ ਯਤੀਮਖ਼ਾਨਾ, ਅੰਮ੍ਰਿਤਸਰ ਵਿਖੇ ਦਾਖ਼ਲ ਕਰਵਾ ਦਿੱਤਾ। ਊਧਮ ਸਿੰਘ ਦੀ ਮੁਢਲੀ ਵਿੱਦਿਆ ਇੱਥੇ ਹੀ ਪੂਰੀ ਹੋਈ। ਉਸ ਦਾ ਪਹਿਲਾ ਨਾਂ ਸ਼ੇਰ ਸਿੰਘ ਸੀ ਜੋ ਯਤੀਮਖ਼ਾਨੇ ਅੰਮ੍ਰਿਤਪਾਨ ਕਰਨ ਉਪਰੰਤ ਉਦੈ ਸਿੰਘ ਰੱਖਿਆ ਗਿਆ। ਉਹ ਬਾਅਦ ਵਿੱਚ ਊਧਮ ਸਿੰਘ ਦੇ ਨਾਂ ਨਾਲ ਦੁਨੀਆ ਵਿੱਚ ਜਾਣਿਆ ਜਾਣ ਲੱਗਾ। ਇਸ ਦੌਰਾਨ ਊਧਮ ਸਿੰਘ ਦਾ ਵੱਡਾ ਭਰਾ ਸਾਧੂ ਸਿੰਘ 19 ਸਾਲ ਦੀ ਉਮਰ ਵਿੱਚ ਹੀ ਚਲਾਣਾ ਕਰ ਗਿਆ। ਭਰਾ ਦੀ ਮੌਤ ਨੇ ਊਧਮ ਸਿੰਘ ਨੂੰ ਡੂੰਘਾ ਸਦਮਾ ਪਹੁੰਚਾਇਆ। ਹੁਣ ਊਧਮ ਸਿੰਘ ਇਕੱਲਾ ਰਹਿ ਗਿਆ।

ਯਤੀਮਖ਼ਾਨੇ ਰਹਿ ਕੇ ਊਧਮ ਸਿੰਘ ਨੇ ਦਸਵੀਂ ਪਾਸ ਕਰ ਲਈ।ਉਹ ਆਪਣੇ ਭਵਿਖ ਬਾਰੇ ਸੁਪਨੇ ਲੈਣ ਲੱਗਿਆ। ਦੇਸ ਦੀ ਅਜ਼ਾਦੀ ਦੀ ਲਹਿਰ ਜ਼ੋਰਾਂ 'ਤੇ ਸੀ। 13 ਅਪਰੈਲ, 1919 ਨੂੰ ਜਲ੍ਹਿਆਂਵਾਲੇ ਬਾਗ ਦਾ ਖੂਨੀ ਸਾਕਾ ਵਾਪਰ ਗਿਆ। ਜਨਰਲ ਡਾਇਰ ਨੇ ਨਿਹੱਥੇ ਤੇ ਬੇਕਸੂਰ ਲੋਕਾਂ ਉੱਪਰ ਗੋਲੀਆਂ ਚਲਾ ਕੇ ਉਹਨਾਂ ਦੇ ਖੂਨ ਨਾਲ ਹੋਲੀ ਖੇਡੀ। ਪੰਜਾਬ ਦੀ ਵਿਸਾਖੀ ਲਹੂ-ਲੁਹਾਨ ਹੋ ਗਈ।ਯਤੀਮਖ਼ਾਨੇ ਨੇ ਊਧਮ ਸਿੰਘ ਦੀ ਅਗਵਾਈ ਵਿੱਚ ਇੱਕ ਜਥਾ ਜ਼ਖ਼ਮੀਆਂ ਦੀ ਦੇਖ-ਭਾਲ ਲਈ ਜਲ੍ਹਿਆਂਵਾਲੇ ਬਾਗ ਭੇਜਿਆ। ਇੱਥੇ ਲਾਸ਼ਾਂ, ਜ਼ਖ਼ਮੀਆਂ ਦੀਆਂ ਚੀਕਾਂ ਅਤੇ ਮਿਰਤਕਾਂ ਦੇ ਵਾਰਸਾਂ ਦੀ ਕੁਰਲਾਹਟ ਨੇ ਗੱਭਰੂ ਊਧਮ ਸਿੰਘ ਨੂੰ ਅੰਦਰੋਂ ਹਿਲਾ ਕੇ ਰੱਖ ਦਿੱਤਾ।ਜਲ੍ਹਿਆਂਵਾਲੇ ਬਾਗ ਦੀ ਘਟਨਾ ਦਾ ਸਾਰੇ ਦੇਸ ਵਿੱਚ ਪ੍ਰਤਿਕਰਮ ਹੋਇਆ। ਹੰਟਰ ਕਮੇਟੀ ਦੀ ਰਿਪੋਰਟ ਅਨੁਸਾਰ ਇਸ ਘਟਨਾ ਵਿੱਚ 379 ਵਿਅਕਤੀ ਮਾਰੇ ਗਏ ਅਤੇ ਇਸ ਤੋਂ ਤਿੰਨ ਗੁਣਾ ਜ਼ਿਆਦਾ ਵਿਅਕਤੀ ਫੱਟੜ ਹੋਏ ਪਰ ਅਸਲ ਵਿੱਚ ਇਸ ਖੂਨੀ ਕਾਂਡ ਵਿੱਚ ਇਸ ਤੋਂ ਕਈ ਗੁਣਾ ਵਧੇਰੇ ਜਾਨਾਂ ਬਲੀ ਚੜ੍ਹ ਗਈਆਂ।

ਊਧਮ ਸਿੰਘ ਨੇ ਜਲ੍ਹਿਆਂ ਵਾਲੇ ਬਾਗ਼ ਦਾ ਦਿਲ-ਕੰਬਾਊ ਤੇ ਦਰਦਨਾਕ ਦ੍ਰਿਸ਼ ਆਪਣੇ ਅੱਖੀਂ ਵੇਖਿਆ ਸੀ।ਉਸ ਦੇ ਖੂਨ ਨੇ ਉਬਾਲਾ ਖਾਧਾ।ਉਸ ਨੇ ਪ੍ਰਣ ਕੀਤਾ ਕਿ ਉਹ ਇਸ ਘਟਨਾ ਦੇ ਜ਼ਿੰਮੇਵਾਰ ਜਨਰਲ ਡਾਇਰ ਤੋਂ ਖੂਨ ਦਾ ਬਦਲਾ ਲਏ ਬਿਨਾਂ ਸਾਹ ਨਹੀਂ ਲਵੇਗਾ। ਇਸ ਘਟਨਾ ਨੇ ਊਧਮ ਸਿੰਘ ਦੀ ਜੀਵਨ-ਸੋਚ ਹੀ ਬਦਲ ਕੇ ਰੱਖ ਦਿੱਤੀ। ਆਖ਼ਰ ਉਹ 1920 ਵਿੱਚ ਅਫ਼ਰੀਕਾ ਚਲੇ ਗਿਆ ਅਤੇ 1921 ਵਿੱਚ ਅਮਰੀਕਾ ਪਹੁੰਚਿਆ। ਇੱਥੇ ਉਸ ਦਾ ਮੇਲ ਹਿੰਦੁਸਤਾਨ ਦੇ ਇਨਕਲਾਬੀ ਲੀਡਰਾਂ ਨਾਲ ਹੋਇਆ।ਫਿਰ ਉਹ ਦੇਸ ਪਰਤ ਆਇਆ ਅਤੇ ਅੰਮ੍ਰਿਤਸਰ ਇੱਕ ਛੋਟੇ ਜਿਹੇ ਮਕਾਨ 'ਚ ਕਿਰਾਏ 'ਤੇ ਰਹਿਣ ਲੱਗ ਪਿਆ। ਉਸ ਨੇ ਆਪਣਾ ਨਾਂ ਬਦਲ ਕੇ ‘ਰਾਮ ਮੁਹੰਮਦ ਸਿੰਘ ਆਜ਼ਾਦ’ ਰੱਖ ਲਿਆ। ਉਸ ਦਾ ਮਕਾਨ ਕ੍ਰਾਂਤੀਕਾਰੀਆਂ ਦਾ ਅੱਡਾ ਬਣ ਗਿਆ। 30 ਅਗਸਤ, 1927 ਈ. ਨੂੰ ਸੀ. ਆਈ. ਡੀ. ਨੇ ਉਸ ਨੂੰ ਅੰਮ੍ਰਿਤਸਰ ਤੋਂ ਗਰਿਫ਼ਤਾਰ ਕਰ ਲਿਆ।ਉਸ ਕੋਲੋਂ ਬਹੁਤ ਸਾਰਾ ਇਨਕਲਾਬੀ ਸਾਹਿਤ ਅਤੇ ਤਿੰਨ ਪਸਤੌਲ ਬਰਾਮਦ ਕੀਤੇ ਗਏ। ਇਸ ਕਾਰਨ ਉਸ ਨੇ ਪਿਸ਼ਾਵਰ ਅਤੇ ਮੁਲਤਾਨ ਦੀ ਜੇਲ੍ਹ ਵਿੱਚ ਪੰਜ ਸਾਲ ਸਖ਼ਤ ਕੈਦ ਦੀ ਸਜ਼ਾ ਭੁਗਤੀ ਅਤੇ ਉਹ 1932 ਈ. ਵਿੱਚ ਰਿਹਾ ਹੋਇਆ। ਹੁਣ ਊਧਮ ਸਿੰਘ ਦਾ ਸਿਰੜ ਹੋਰ ਵੀ ਪੱਕਾ ਹੋ ਗਿਆ ਅਤੇ ਉਸ ਨੂੰ ਦੇਸ਼ ਦੀ ਅਜ਼ਾਦੀ ਦੇ ਸੰਘਰਸ਼ ਨੇ ਹੋਰ ਵੀ ਬਲ ਪ੍ਰਦਾਨ ਕੀਤਾ।

1932 ਈ. ਵਿੱਚ ਹੀ ਉਸ ਦੀ ਮੁਲਾਕਾਤ ਨੇਤਾ ਜੀ ਸੁਭਾਸ਼ ਚੰਦਰ ਬੋਸ ਨਾਲ ਹੋਈ। ਦੇਸ-ਭਗਤੀ ਦੀ ਭਾਵਨਾ ਮਨ ਵਿੱਚ ਲੈ ਕੇ ਉਸ ਨੇ ਫ਼ਾਂਸ, ਜਰਮਨੀ ਅਤੇ ਸਵਿਟਜ਼ਰਲੈਂਡ ਵਿੱਚ ਜਾ ਕੇ ਭਾਰਤ ਦੀ ਅਜ਼ਾਦੀ ਲਈ ਪ੍ਰਚਾਰ ਕੀਤਾ। ਆਖ਼ਰ 1937 ਈ. ਵਿੱਚ ਉਹ ਇੰਗਲੈਂਡ ਪਹੁੰਚ ਗਿਆ। ਇੱਥੇ ਰਹਿੰਦਿਆਂ ਉਧਮ ਸਿੰਘ ਨੇ ਜ਼ਿੰਦਗੀ ਦੀਆਂ ਅਨੇਕਾਂ ਔਕੜਾਂ ਦਾ ਸਾਹਮਣਾ ਕੀਤਾ। ਉਸ ਨੂੰ ਆਪਣਾ ਟੀਚਾ ਪੂਰਾ ਕਰਨ ਤੋਂ ਬਿਨਾਂ ਹੋਰ ਕੁਝ ਵੀ ਚੰਗਾ ਨਹੀਂ ਸੀ ਲੱਗਦਾ।ਊਧਮ ਸਿੰਘ ਬਚਪਨ ਤੋਂ ਹੀ ਚੁੱਪ-ਚਾਪ, ਸ਼ਾਂਤ ਸੁਭਾਅ, ਸਿਰੜੀ, ਹਿੰਮਤੀ ਤੇ ਲਗਨ ਨਾਲ ਕੰਮ ਕਰਨ ਦਾ ਆਦੀ ਸੀ।

ਊਧਮ ਸਿੰਘ ਨੇ ਜਦ ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਫਾਂਸੀ ਦੀ ਖ਼ਬਰ ਸੁਣੀ ਤਾਂ ਉਹ ਬਹੁਤ ਦੁਖੀ ਹੋਇਆ। ਉਹ ਕਈ ਦਿਨ ਚੁੱਪ ਰਿਹਾ ਅਤੇ ਖਾਧਾ-ਪੀਤਾ ਵੀ ਕੁਝ ਨਾ।ਊਧਮ ਸਿੰਘ ਹਰ ਸਮੇਂ ਆਪਣੇ ਦੇਸ਼ ਦੀ ਅਜ਼ਾਦੀ ਬਾਰੇ ਸੋਚਦਾ ਰਹਿੰਦਾ ਸੀ।

ਲੰਡਨ ਪੁੱਜ ਕੇ ਊਧਮ ਸਿੰਘ ਨੇ ਇੰਜੀਨੀਅਰਿੰਗ ਦਾ ਕੋਰਸ ਕਰ ਕੇ ਉੱਥੇ ਹੀ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਪਰੰਤੂ ਉਹ ਕਿਸੇ ਹੋਰ ਤਾਕ ਵਿੱਚ ਸੀ।ਉਹ ਲਗ-ਪਗ ਸੱਤ ਸਾਲ ਇੰਗਲੈਂਡ ਵਿੱਚ ਰਿਹਾ। ਇਸ ਦੌਰਾਨ ਜਨਰਲ ਡਾਇਰ ਤਾਂ ਮਰ ਚੁੱਕਾ ਸੀ ਪਰੰਤੂ ਉਸ ਸਮੇਂ ਦੇ ਪੰਜਾਬ ਦਾ ਗਵਰਨਰ ਸਰ ਮਾਈਕਲ ਉਡਵਾਇਰ ਅਜੇ ਜਿਊਂਦਾ ਸੀ। 13 ਮਾਰਚ, 1940 ਨੂੰ ਭਾਰਤ ਵਿੱਚ ਰਹਿ ਚੁੱਕੇ ਅੰਗਰੇਜ਼ ਅਫ਼ਸਰਾਂ ਦੀ ਮੀਟਿੰਗ ਲੰਡਨ ਦੇ ਕੈਕਸਟਨ ਹਾਲ ਵਿੱਚ ਹੋ ਰਹੀ ਸੀ ਜਿਸ ਬਾਰੇ ਉਧਮ ਸਿੰਘ ਨੇ ਜਾਣਕਾਰੀ ਪ੍ਰਾਪਤ ਕਰ ਲਈ ਸੀ। ਇਸ ਮੀਟਿੰਗ ਵਿੱਚ ਸਰ ਮਾਈਕਲ ਉਡਵਾਇਰ ਸਾਬਕਾ ਲੈਫ਼ਟੀਨੈਂਟ ਗਵਰਨਰ ਪੰਜਾਬ, ਲਾਰਡ ਜੈਂਟਲੈਂਡ, ਲਾਰਡ ਲਮਿੰਗਟਨ ਅਤੇ ਹੋਰ ਅਨੇਕਾਂ ਉੱਚ ਅਧਿਕਾਰੀ ਮੌਜੂਦ ਸਨ।ਊਧਮ ਸਿੰਘ ਵੀ ਇਸ ਹਾਲ ਵਿੱਚ ਅੰਗਰੇਜ਼ੀ ਅੰਦਾਜ਼ ਦੇ ਕੱਪੜੇ, ਓਵਰਕੋਟ ਤੇ ਹੈਟ ਪਹਿਨ ਕੇ ਪਹੁੰਚ ਗਿਆ।

ਹਾਲ ਵਿੱਚ ਸਰ ਮਾਈਕਲ ਉਡਵਾਇਰ ਨੇ ਬੜੇ ਜੋਸ਼ ਨਾਲ ਆਪਣਾ ਭਾਸ਼ਣ ਸ਼ੁਰੂ ਕੀਤਾ। ਅਜੇ ਉਸ ਨੇ ਕੁਝ ਸ਼ਬਦ ਹੀ ਬੋਲੇ ਸਨ ਕਿ ਊਧਮ ਸਿੰਘ ਨੇ ਇੱਕ ਨੁੱਕਰ 'ਚੋਂ ਉੱਠ ਕੇ ਉਡਵਾਇਰ ਨੂੰ ਪਸਤੌਲ ਦੀਆਂ ਗੋਲੀਆਂ ਨਾਲ ਸਦਾ ਦੀ ਨੀਂਦ ਸੁਆ ਦਿੱਤਾ। ਇਸ ਲੜਾਈ ਵਿੱਚ ਲਾਰਡ ਜੈਂਟਲੈਂਡ ਅਤੇ ਲਾਰਡ ਲਮਿੰਗਟਨ ਵੀ ਜ਼ਖ਼ਮੀ ਹੋ ਗਏ। ਸਾਰੇ ਹਾਲ ਵਿੱਚ ਭਗਦੜ ਮੱਚ ਗਈ ਪਰੰਤੂ ਊਧਮ ਸਿੰਘ ਦਲੇਰੀ ਨਾਲ ਉੱਥੇ ਹੀ ਖੜਾ ਰਿਹਾ, ਜਿਵੇਂ ਕਹਿ ਰਿਹਾ ਹੋਵੇ, “ਮੈਨੂੰ ਫੜ ਲਓ ਲੰਡਨ ਵਾਸੀਓ, ਮੈਂ ਖੜਾ ਪੁਕਾਰਾਂ’। ਇਹ ਖ਼ਬਰ ਦੁਨੀਆ ਭਰ ਵਿੱਚ ਫੈਲ ਗਈ।ਊਧਮ ਸਿੰਘ ਨੂੰ ਗਰਿਫ਼ਤਾਰ ਕਰ ਲਿਆ ਗਿਆ। ਉਸ ਨੇ ਬੜੇ ਮਾਣ ਨਾਲ ਆਪਣੇ ਕਾਰਨਾਮੇ ਦਾ ਇਕਬਾਲ ਕੀਤਾ।

ਊਧਮ ਸਿੰਘ ਨੂੰ ਬਰਿਕਸਟਨ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਤੇ ਉਸ 'ਤੇ ਮੁਕੱਦਮਾ ਚਲਾਇਆ ਗਿਆ। ਜੇਲ੍ਹ ਵਿੱਚ ਉਹ ਬਹੁਤ ਹੌਸਲੇ ਨਾਲ ਰਿਹਾ। ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਉਸ ਨੇ ਆਖਿਆ, “ਮੈਂ ਮਰਨ ਤੋਂ ਨਹੀਂ ਡਰਦਾ। ਮੈਂ ਉਡਵਾਇਰ ਨੂੰ ਮਾਰ ਕੇ ਹਜ਼ਾਰਾਂ ਬੇਗੁਨਾਹਾਂ ਦੇ ਖੂਨ ਦਾ ਬਦਲਾ ਲਿਆ ਹੈ। ਇਸ ਅਨੋਖੇ ਤੇ ਉੱਦਮੀ ਕਾਰਨਾਮੇ ਲਈ ਊਧਮ ਸਿੰਘ ਨੂੰ 20 ਸਾਲ, 11 ਮਹੀਨੇ ਤੱਕ ਉਡੀਕ ਕਰਨੀ ਪਈ ਜੋ ਦੁਨੀਆ ਦੇ ਇਤਿਹਾਸ ਵਿੱਚ ਇੱਕ ਵਿਚਿੱਤਰ ਘਟਨਾ ਹੈ।ਆਖ਼ਰ 31 ਜੁਲਾਈ, 1940 ਈ. ਨੂੰ ਊਧਮ ਸਿੰਘ ਨੂੰ ਫਾਂਸੀ ਦੇ ਦਿੱਤੀ ਗਈ।

ਇਸ ਸੂਰਬੀਰ ਦੀਆਂ ਅਸਥੀਆਂ ਇੰਗਲੈਂਡ ਤੋਂ ਭਾਰਤ ਸਰਕਾਰ ਰਾਹੀਂ ਪੰਜਾਬ ਵਿੱਚ ਲਿਆਂਦੀਆਂ ਗਈਆਂ ਤੇ ਉਸ ਦੇ ਜੱਦੀ ਪਿੰਡ ਸੁਨਾਮ ਵਿਖੇ 31 ਜੁਲਾਈ, 1974 ਨੂੰ ਪੂਰੇ ਸਨਮਾਨਾਂ ਨਾਲ ਉਹਨਾਂ ਦਾ ਸਸਕਾਰ ਕੀਤਾ ਗਿਆ। ਪੰਜਾਬ ਸਰਕਾਰ ਨੇ ਸ਼ਹੀਦ ਊਧਮ ਸਿੰਘ ਦਾ ਆਦਮ-ਕੱਦ ਬੁੱਤ, ਇੱਕ ਲੱਖ 60 ਹਜ਼ਾਰ ਰੁਪਏ ਦੀ ਲਾਗਤ ਨਾਲ ਅੰਮ੍ਰਿਤਸਰ ਵਿੱਚ ਵੀ ਲਾਇਆ। ਇਸ ਅਮਰ ਸ਼ਹੀਦ ਦੀ ਯਾਦ ਵਿੱਚ ਕਈ ਕਾਲਜ, ਸਕੂਲ, ਹਸਪਤਾਲ, ਲਾਇਬ੍ਰੇਰੀਆਂ, ਇੱਕ ਨਗਰ ਅਤੇ ਹੋਰ ਕਈ ਸੰਸਥਾਵਾਂ ਸਥਾਪਤ ਕੀਤੀਆਂ ਗਈਆਂ ਹਨ। ਪੰਜਾਬ ਦੇ ਇਸ ਸੂਰਬੀਰ ਨੂੰ ਆਉਣ ਵਾਲੀਆਂ ਨਸਲਾਂ ਸਦਾ ਚੇਤੇ ਰੱਖਣਗੀਆਂ।

Tags

Post a Comment

0Comments
Post a Comment (0)

#buttons=(Accept !) #days=(20)

Our website uses cookies to enhance your experience. Learn More
Accept !