Thursday, 3 September 2020

Punjabi Essay on "Shaheed bhagat Singh", “ਸ਼ਹੀਦ ਭਗਤ ਸਿੰਘ ਤੇ ਲੇਖ” Punjabi Essay for Class 5, 6, 7, 8, 9 and 10

Essay on Shaheed Bhagat Singh in Punjabi Language: In this article, we are providing ਸ਼ਹੀਦ ਭਗਤ ਸਿੰਘ ਤੇ ਲੇਖ for students. Punjabi Essay/Paragraph on Shaheed bhagat Singh.

Punjabi Essay on "Shaheed bhagat Singh", “ਸ਼ਹੀਦ ਭਗਤ ਸਿੰਘ ਤੇ ਲੇਖ” Punjabi Essay for Class 5, 6, 7, 8, 9 and 10

Punjabi Essay on "Shaheed bhagat Singh", “ਸ਼ਹੀਦ ਭਗਤ ਸਿੰਘ ਤੇ ਲੇਖ” Punjabi Essay for Class 5, 6, 7, 8, 9 and 10
ਭਾਰਤ ਦੀ ਅਜ਼ਾਦੀ ਦੇ ਸੰਘਰਸ਼ ਵਿੱਚ ਸਰਦਾਰ ਭਗਤ ਸਿੰਘ ਦੀ ਮਹੱਤਵਪੂਰਨ ਭੂਮਿਕਾ ਹੈ। ਭਾਰਤ ਦੀ ਅਜ਼ਾਦੀ ਲਈ ਉੱਠੀ ਲਹਿਰ ਵਿੱਚ ਭਗਤ ਸਿੰਘ ਨੇ ਵਿਸ਼ੇਸ਼ ਭਾਗ ਲਿਆ। ਉਸ ਨੇ ਦੇਸ ਦੇ ਨੌਜਵਾਨਾਂ ਦੇ ਦਿਲਾਂ ਵਿੱਚ ਅਜ਼ਾਦੀ ਦਾ ਅਜਿਹਾ ਵਲਵਲਾ ਪੈਦਾ ਕੀਤਾ, ਜਿਸ ਨਾਲ ਦੇਸ਼ ਦੀ ਅਜ਼ਾਦੀ ਨੂੰ ਲੰਮੇ ਸਮੇਂ ਲਈ ਟਾਲਿਆ ਨਾ ਜਾ ਸਕਿਆ। ਉਹ ਬਹਾਦਰ, ਨਿਡਰ ਤੇ ਕ੍ਰਾਂਤੀਕਾਰੀ ਸੁਭਾਅ ਦੇ ਵਿਅਕਤੀ ਸਨ।
ਸ਼ਹੀਦ ਭਗਤ ਸਿੰਘ ਦਾ ਜਨਮ 28 ਸਤੰਬਰ, 1907 ਈ. ਨੂੰ ਜ਼ਿਲ੍ਹਾ ਲਾਇਲਪੁਰ ਦੇ ਪਿੰਡ ਬੰਗਾ, ਚੱਕ ਨੰ 105 ਵਿੱਚ ਹੋਇਆ। ਆਪ ਦੇ ਪਿਤਾ ਦਾ ਨਾਂ ਸ. ਕਿਸ਼ਨ ਸਿੰਘ ਅਤੇ ਮਾਤਾ ਦਾ ਨਾਂ ਵਿਦਿਆਵਤੀ ਸੀ। ਆਪ ਦੇ ਪਿਤਾ ਵੀ ਇੱਕ ਇਨਕਲਾਬੀ ਨੇਤਾ ਸਨ। ਆਪ ਦੇ ਚਾਚਾ ਸ.ਅਜੀਤ ਸਿੰਘ ਇੱਕ ਉੱਘੇ ਦੇਸ-ਭਗਤ ਸਨ ਜਿਨ੍ਹਾਂ ਨੇ “ਪੱਗੜੀ ਸੰਭਾਲ ਜੱਟਾ’ ਦੀ ਲਹਿਰ ਚਲਾਈ। ਆਪ ਦਾ ਪਰਿਵਾਰ ਇੱਕ ਇਨਕਲਾਬੀ ਅਤੇ ਦੇਸ-ਭਗਤਾਂ ਦਾ ਪਰਿਵਾਰ ਸੀ।
ਆਪ ਦੇ ਜਨਮ ਤੋਂ ਕੁਝ ਦਿਨਾਂ ਬਾਅਦ ਹੀ ਆਪ ਦੇ ਚਾਚਾ ਜੇਲ੍ਹ ਵਿੱਚੋਂ ਰਿਹਾ ਹੋ ਕੇ ਆਏ ਸਨ। ਇਸ ਲਈ ਆਪ ਨੂੰ “ਭਾਗਾਂ ਵਾਲਾ ਕਿਹਾ ਜਾਣ ਲੱਗਾ। ਹੌਲੀ-ਹੌਲੀ ਆਪ ਦਾ ਨਾਂ ਭਗਤ ਸਿੰਘ ਹੋ ਗਿਆ। ਸ. ਭਗਤ ਸਿੰਘ ਨੇ ਮੁਢਲੀ ਵਿੱਦਿਆ ਆਪਣੇ ਪਿੰਡ ਤੋਂ ਆਪਣੇ ਦਾਦਾ ਸ. ਅਰਜਨ ਸਿੰਘ ਕੋਲ ਰਹਿ ਕੇ ਪ੍ਰਾਪਤ ਕੀਤੀ। ਆਪ ਨੇ ਨੈਸ਼ਨਲ ਕਾਲਜ ਲਾਹੌਰ ਤੋਂ ਐੱਫ਼. ਏ. ਪਾਸ ਕੀਤੀ।
ਉਸ ਸਮੇਂ ਦੇਸ਼ ਵਿੱਚ ਇਨਕਲਾਬੀ ਲਹਿਰ ਜ਼ੋਰਾਂ 'ਤੇ ਸੀ। ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਦਾ ਆਪ ਦੇ ਮਨ ਤੇ ਬਹੁਤ ਡੂੰਘਾ ਅਸਰ ਪਿਆ। 1920 ਈ. ਵਿੱਚ ਮਹਾਤਮਾ ਗਾਂਧੀ ਵੱਲੋਂ ਚਲਾਈ ਨਾ ਮਿਲਵਰਤਣ ਲਹਿਰ ਸਮੇਂ ਉਹ ਨੈਸ਼ਨਲ ਕਾਲਜ ਲਾਹੌਰ ਵਿੱਚ ਸਨ। ਉਹਨਾਂ ਨੇ ਦੇਸਭਗਤੀ ਤੇ ਦੇਸ਼ ਦੀ ਅਜ਼ਾਦੀ ਲਈ ਕੁਝ ਕਰਨ ਦਾ ਪਹਿਲਾ ਪਾਠ ਪੜਿਆ। 1924 ਈ. ਵਿੱਚ ਆਪ ਕਾਨਪੁਰ ਚਲੇ ਗਏ। ਉੱਥੇ ਆਪ ਨੇ ਸ੍ਰੀ ਗਣੇਸ਼ ਸ਼ੰਕਰ ਵਿਦਿਆਰਥੀ ਵੱਲੋਂ ਕੱਢੀ ਜਾਂਦੀ ਹਿੰਦੀ ਦੀ ‘‘ਪ੍ਰਤਾਪ ਨਾਮਕ ਅਖ਼ਬਾਰ ਵਿੱਚ ਪੱਤਰਕਾਰ ਦੇ ਤੌਰ 'ਤੇ ਕੰਮ ਕੀਤਾ। ਸ੍ਰੀ ਵਿਦਿਆਰਥੀ ਗ਼ਰਮ ਧੜੇ ਦੇ ਕਾਂਗਰਸੀਆਂ ਵਿੱਚੋਂ ਸਨ। ਉਹਨਾਂ ਦੇ ਸੰਪਰਕ ਵਿੱਚ ਰਹਿ ਕੇ ਭਗਤ ਸਿੰਘ ਵਿੱਚ ਦੇਸ-ਭਗਤੀ ਦਾ ਜਜ਼ਬਾ ਹੋਰ ਵੀ ਪ੍ਰਬਲ ਹੋ ਗਿਆ। ਇੱਥੇ ਹੀ ਆਪ ਦਾ ਮੇਲ ਚੰਦਰ ਸ਼ੇਖਰ ਆਜ਼ਾਦ ਨਾਲ ਵੀ ਹੋਇਆ।
ਉਹਨਾਂ ਦਿਨਾਂ ਵਿੱਚ ਹੀ ਗਰਮ ਖ਼ਿਆਲੀ ਨੌਜਵਾਨ ਭਾਰਤੀਆਂ ਨੇ ਕਈ ਜਥੇਬੰਦੀਆਂ, ਜਿਵੇਂ ਹਿੰਦੁਸਤਾਨ ਸ਼ੋਸ਼ਲਿਸਟ ਰਿਪਲਿਕਨ ਐਸੋਸੀਏਸ਼ਨ, ਹਿੰਦੁਸਤਾਨ ਰਿਪਬਲਿਕਨ ਆਰਮੀ ਤੇ ਨੌਜਵਾਨ ਭਾਰਤ ਸਭਾ ਆਦਿ ਬਣਾਈਆਂ। ਭਗਤ ਸਿੰਘ ਇਹਨਾਂ ਸਾਰੀਆਂ ਜਥੇਬੰਦੀਆਂ ਦੇ ਆਗੂ ਸਨ। 1927 ਈ. ਵਿੱਚ ਨੌਜਵਾਨ ਭਾਰਤ ਸਭਾ ਬਹੁਤ ਸਰਗਰਮ ਹੋ ਗਈ ਸੀ। 1928 ਈ. ਵਿੱਚ ‘ਸਾਈਮਨ ਕਮਿਸ਼ਨ ਭਾਰਤ ਆਇਆ ਜਿਸ ਦਾ ਸਾਰੇ ਭਾਰਤੀਆਂ ਵੱਲੋਂ ਵਿਰੋਧ ਕੀਤਾ ਗਿਆ। ਲਾਲਾ ਲਾਜਪਤ ਰਾਏ ਲਾਹੌਰ ਵਿਖੇ ਇਸ ਵਿਰੁੱਧ ਕੱਢੇ ਗਏ ਜਲੂਸ ਦੀ ਅਗਵਾਈ ਕਰ ਰਹੇ ਸਨ। ਉਹਨਾਂ 'ਤੇ ਲਾਠੀਆਂ ਚਲਾਈਆਂ ਗਈਆਂ। ਇਸ ਕਾਰਨ ਉਹ ਬਹੁਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਅਤੇ ਉਹਨਾਂ ਦੀ ਮੌਤ ਹੋ ਗਈ। ਭਗਤ ਸਿੰਘ ਨੇ ਲਾਲਾ ਜੀ ਦੀ ਮੌਤ ਦਾ ਬਦਲਾ ਲੈਣ ਦਾ ਫ਼ੈਸਲਾ ਕਰ ਲਿਆ। ਭਗਤ ਸਿੰਘ ਨੇ ਅੰਗਰੇਜ਼ ਪੁਲਿਸ ਅਫ਼ਸਰ ਸਾਂਡਰਸ ਨੂੰ ਗੋਲੀ ਮਾਰ ਕੇ ਲਾਲਾ ਜੀ ਦੀ ਮੌਤ ਦਾ ਬਦਲਾ ਲਿਆ।
ਆਪ ਨੇ ਸੁਖਦੇਵ ਅਤੇ ਰਾਜਗੁਰੂ ਨਾਲ ਮਿਲ ਕੇ ਅਸੈਂਬਲੀ ਵਿੱਚ ਬੰਬ ਸੁੱਟਿਆ ਅਤੇ ਪੋਸਟਰ ਵੀ ਵੰਡੇ। ਆਪ ਨੇ “ਇਨਕਲਾਬ-ਜ਼ਿੰਦਾਬਾਦ ਦੇ ਨਾਹਰੇ ਲਾ ਕੇ ਗਰਿਫ਼ਤਾਰੀ ਦੇ ਦਿੱਤੀ। ਆਪ ਉੱਤੇ ਕਈ ਮੁਕੱਦਮੇ ਚਲਾਏ ਗਏ। ਅਖੀਰ 23 ਮਾਰਚ, 1931 ਈ. ਨੂੰ ਆਪ ਨੂੰ ਆਪ ਦੇ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਨਾਲ ਫਾਂਸੀ 'ਤੇ ਲਟਕਾ ਦਿੱਤਾ ਗਿਆ। ਆਪ ਨੇ ਹੱਸਦੇ-ਹੱਸਦੇ ਫਾਂਸੀ 'ਤੇ ਚੜ੍ਹ ਕੇ ਭਾਰਤ-ਮਾਤਾ ਲਈ ਕੁਰਬਾਨੀ ਦਿੱਤੀ।
ਇਹਨਾਂ ਤਿੰਨਾਂ ਦੇਸ-ਭਗਤਾਂ ਦੀਆਂ ਸਮਾਧਾਂ ਫ਼ਿਰੋਜ਼ਪੁਰ ਨੇੜੇ ਹੁਸੈਨੀਵਾਲਾ ਦੇ ਸਥਾਨ 'ਤੇ ਬਣਾਈਆਂ ਗਈਆਂ ਹਨ। ਇੱਥੇ ਹਰ ਸਾਲ 23 ਮਾਰਚ ਨੂੰ ਮੇਲਾ ਲੱਗਦਾ ਹੈ। ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਵੀ ਵਿਸ਼ੇਸ਼ ਸਮਾਗਮ ਹੁੰਦੇ ਹਨ। ਆਪ ਦੀ ਕੁਰਬਾਨੀ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ। ਭਾਰਤਵਾਸੀਆਂ ਨੂੰ ਭਗਤ ਸਿੰਘ ਵਰਗੇ ਦੇਸ-ਭਗਤਾਂ ਉੱਤੇ ਮਾਣ ਹੈ। ਆਪ ਦਾ ਨਾਂ ਸਦਾ ਅਮਰ ਰਹੇਗਾ।

SHARE THIS

Author:

I am writing to express my concern over the Hindi Language. I have iven my views and thoughts about Hindi Language. Hindivyakran.com contains a large number of hindi litracy articles.

0 comments: