Wednesday, 2 September 2020

Punjabi Essay on "Growing Pollution", “ਪ੍ਰਦੂਸ਼ਣ ਦੀ ਸਮਸਿਆ ਲੇਖ”, “Pradushan di Samasya” Punjabi Essay for Class 5, 6, 7, 8, 9 and 10

Essay on Growing Pollution in Punjabi Language: In this article, we are providing ਪ੍ਰਦੂਸ਼ਣ ਦੀ ਸਮਸਿਆ ਲੇਖ for students. Punjabi Essay/Paragraph on Pradushan di Samasya.

Punjabi Essay on "Growing Pollution", “ਪ੍ਰਦੂਸ਼ਣ ਦੀ ਸਮਸਿਆ ਲੇਖ”, “Pradushan di Samasya” Punjabi Essay for Class 5, 6, 7, 8, 9 and 10

ਪ੍ਰਦੂਸ਼ਣ ਤੋਂ ਭਾਵ ਹੈ ਸਾਡੇ ਕਿਰਤਿਕ ਵਾਤਾਵਰਨ ਦਾ ਦੋਸ਼ਪੂਰਨ ਹੋਣਾ। ਮਨੁੱਖੀ ਸੱਭਿਅਤਾ ਅਤੇ ਬਨਸਪਤੀ ਦੀ ਹੋਂਦ ਨੂੰ ਪ੍ਰਦੂਸ਼ਣ ਨੇ ਖ਼ਤਰੇ ਵਿੱਚ ਪਾ ਦਿੱਤਾ ਹੈ। ਹਵਾ, ਪਾਣੀ, ਮਿੱਟੀ, ਭੋਜਨ ਅਤੇ ਲੁੜੀਂਦੀਆਂ ਊਰਜਾਵਾਂ ਆਦਿ ਸਭ ਕੁਝ ਦੂਸ਼ਿਤ ਹੁੰਦਾ ਜਾ ਰਿਹਾ ਹੈ। ਪ੍ਰਦੂਸ਼ਣ ਮੁੱਖ ਰੂਪ ਵਿੱਚ ਚਾਰ ਤਰ੍ਹਾਂ ਦਾ ਹੈ-ਹਵਾ-ਪ੍ਰਦੂਸ਼ਣ, ਪਾਣੀ-ਪ੍ਰਦੂਸ਼ਣ, ਮਿੱਟੀ-ਪ੍ਰਦੂਸ਼ਣ ਅਤੇ ਸ਼ੋਰ-ਪ੍ਰਦੂਸ਼ਣ।

ਹਵਾ ਵਿੱਚ ਜ਼ਹਿਰੀਲੇ ਕਣਾਂ ਦਾ ਲਗਾਤਾਰ ਵਾਧਾ ਹਵਾ-ਪ੍ਰਦੁਸ਼ਣ ਕਹਾਉਂਦਾ ਹੈ। ਕਾਰਖ਼ਾਨਿਆਂ ਅਤੇ ਮੋਟਰ-ਗੱਡੀਆਂ ਵਿੱਚੋਂ ਨਿਕਲਦੇ ਧੂੰਏਂ ਕਾਰਨ ਜ਼ਹਿਰੀਲੀਆਂ ਗੈਸਾਂ ਸਲਫ਼ਰ ਡਾਇਆਕਸਾਈਡ, ਕਾਰਬਨ ਮੋਨੋਆਕਸਾਈਡ ਅਤੇ ਕਾਰਬਨ ਡਾਇਆਕਸਾਈਡ ਨੇ ਹਵਾ ਨੂੰ ਜ਼ਹਿਰੀਲਾ ਬਣਾ ਦਿੱਤਾ ਹੈ। ਘਰੇਲੂ ਬਾਲਣ, ਕੋਲਾ, ਤੇਲ ਕੀੜੇਮਾਰ ਦਵਾਈਆਂ ਦਾ ਛਿੜਕਾਅ ਅਤੇ ਪਰਮਾਣੂ ਤਜਰਬਿਆਂ ਕਾਰਨ ਹੋਈ ਗੰਦੀ ਹਵਾ ਮਨੁੱਖ ਤਾਂ ਕੀ ਧਰਤੀ ਉਤਲੇ ਹੋਰ ਜੀਵਾਂ ਤੇ ਬਨਸਪਤੀ ਲਈ ਖ਼ਤਰਨਾਕ ਸਾਬਤ ਹੋ ਰਹੀ ਹੈ। ਦਰਖ਼ਤਾਂ ਦੀ ਅੰਨ੍ਹੇਵਾਹ ਕਟਾਈ ਨੇ ਪ੍ਰਕਿਰਤਿਕ ਸੰਤੁਲਨ ਨੂੰ ਡਾਵਾਂਡੋਲ ਕਰ ਦਿੱਤਾ ਹੈ।

ਪਾਣੀ ਜੋ ਸਮੁੱਚੇ ਜੀਵਨ ਦਾ ਆਧਾਰ ਹੈ, ਵੀ ਪੂਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕਾ ਹੈ | ਕਾਰਖ਼ਾਨਿਆਂ, ਸੀਵਰੇਜ ਅਤੇ ਘਰਾਂ ਦਾ ਸਾਰਾ ਗੰਦ ਨਦੀਆਂ, ਨਾਲਿਆਂ ਅਤੇ ਦਰਿਆਵਾਂ ਵਿੱਚ ਸੁੱਟਿਆ ਜਾ ਰਿਹਾ ਹੈ।ਇਸ ਗੰਦੇ ਪਾਣੀ ਵਿੱਚ ਘੁਲੇ ਰਸਾਇਣਕ ਪਦਾਰਥਾਂ ਨਾਲ ਪਾਣੀ ਦੂਸ਼ਿਤ ਹੋ ਜਾਂਦਾ ਹੈ।ਇਹ ਦੂਸ਼ਿਤ ਪਾਣੀ ਨਾ ਤਾਂ ਮਨੁੱਖਾਂ ਦੀ ਵਰਤੋਂ ਦੇ ਯੋਗ ਰਿਹਾ ਹੈ ਅਤੇ ਨਾ ਹੀ ਹੋਰ ਜੀਵਾਂ ਦੇ।

ਹਵਾ ਤੇ ਪਾਣੀ ਤੋਂ ਬਿਨਾਂ ਵਰਤਮਾਨ ਸਮੇਂ ਵਿੱਚ ਮਿੱਟੀ ਵੀ ਪ੍ਰਦੂਸ਼ਿਤ ਹੋ ਗਈ ਹੈ ।ਕਾਰਖ਼ਾਨਿਆਂ ਦਾ ਜ਼ਹਿਰੀਲੇ ਰਸਾਇਣਾਂ ਮਿਲਿਆ ਕੂੜਾ-ਕਰਕਟ ਅਤੇ ਘਰਾਂ ਦਾ ਕੂੜਾ ਧਰਤੀ ਉੱਤੇ ਸੁੱਟਣ ਨਾਲ ਮਿੱਟੀ ਪ੍ਰਦੂਸ਼ਿਤ ਹੁੰਦੀ ਹੈ। ਖੇਤੀ-ਬਾੜੀ ਵਿੱਚ ਵੀ ਵੱਧ ਤੋਂ ਵੱਧ ਪੈਦਾਵਾਰ ਦੀ ਲਾਲਸਾ ਕਾਰਨ ਰਸਾਇਣਕ ਖਾਦਾਂ ਅਤੇ ਕੀਟ-ਨਾਸਿਕ ਦਵਾਈਆਂ ਦੀ ਵਰਤੋਂ ਮਿੱਟੀ ਨੂੰ ਜ਼ਹਿਰੀਲਾ ਬਣਾ ਰਹੀ ਹੈ। ਇਸ ਮਿੱਟੀ ਵਿਚਲੀ ਪੈਦਾਵਾਰ ਮਨੁੱਖ ਲਈ ਖ਼ਤਰਨਾਕ ਸਿੱਧ ਹੋ ਰਹੀ ਹੈ। ਹਵਾ ਵਿੱਚ ਸਲਫ਼ਿਊਰਿਕ ਐਸਿਡ ਅਤੇ ਨਾਈਟਿਕ ਐਸਿਡ ਦੀ ਮਾਤਰਾ ਵਧਣ ਨਾਲ ਤੇਜ਼ਾਬੀ ਬਾਰਸ਼ ਹੁੰਦੀ ਹੈ ਜੋ ਮਿੱਟੀ ਅਤੇ ਪਾਣੀ ਨੂੰ ਬੁਰੀ ਤਰ੍ਹਾਂ ਪ੍ਰਦੂਸ਼ਿਤ ਕਰਦੀ ਹੈ।

ਪ੍ਰਦੂਸ਼ਣ ਕਾਰਨ ਓਜ਼ੋਨ ਗੈਸ ਦੀ ਪਰਤ ਜੋ ਧਰਤੀ ਉੱਤੇ ਜੀਵ-ਜੰਤੂਆਂ ਨੂੰ ਸੂਰਜ ਦੀ ਖ਼ਤਰਨਾਕ ਪਰਾ-ਬੈਂਗਣੀ ਕਿਰਨਾਂ ਤੋਂ ਬਚਾਉਂਦੀ ਹੈ, ਵਿੱਚ ਵੀ ਛੇਕ ਹੋ ਗਏ ਹਨ। ਇਹਨਾਂ ਛੇਕਾਂ ਦਾ ਵਧਣਾ ਮਨੁੱਖ ਲਈ ਘਾਤਕ ਹੈ। ਦਰਖ਼ਤਾਂ ਦੀ ਲਗਾਤਾਰ ਹੋ ਰਹੀ ਕਟਾਈ ਕਾਰਨ ਅਤੇ ਵਾਤਾਵਰਨ 'ਚ ਲਗਾਤਾਰ ਆ ਰਹੀਆਂ ਤਬਦੀਲੀਆਂ ਕਾਰਨ ਸਰਦੀ ਘਟ ਰਹੀ ਹੈ ਅਤੇ ਗਰਮੀ ਵਧ ਰਹੀ ਹੈ।

ਹਵਾ, ਪਾਣੀ ਅਤੇ ਮਿੱਟੀ ਦੇ ਪ੍ਰਦੂਸ਼ਣ ਤੋਂ ਇਲਾਵਾ ਸ਼ੋਰ-ਪ੍ਰਦੂਸ਼ਣ ਵੀ ਦਿਨੋ-ਦਿਨ ਵਧ ਰਿਹਾ ਹੈ। ਆਵਾਜਾਈ ਦੇ ਸਾਧਨਾਂ, ਕਾਰਖਾਨਿਆਂ, ਜਨਰੇਟਰਾਂ, ਲਾਊਡਸਪੀਕਰਾਂ ਨੇ ਸਾਡੀ ਆਮ ਜ਼ਿੰਦਗੀ ’ਤੇ ਮਾਰੂ ਅਸਰ ਕੀਤਾ ਹੈ | ਪਰਮਾਣੂ ਤਜਰਬਿਆਂ, ਬੰਬ-ਵਿਸਫੋਟਾਂ, ਪਰਮਾਣੂ ਪਾਵਰ-ਪਲਾਂਟ ਅਤੇ ਇਲੈਕਟ੍ਰਾਨਿਕ ਉਤਪਾਦਾਂ ਜਿਵੇਂ ਕਿ ਮੋਬਾਈਲ ਫ਼ੋਨ ਦੀ ਰੇਡੀਏਸ਼ਨ ਨੇ ਵੀ ਵਾਯੂਮੰਡਲ ਨੂੰ ਪ੍ਰਦੂਸ਼ਿਤ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।

ਪ੍ਰਦੂਸ਼ਣ ਨੇ ਮਨੁੱਖ ਨੂੰ ਕਈ ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਬਣਾ ਦਿੱਤਾ ਹੈ। ਮਨੁੱਖ ਦਿਲ ਦੇ ਰੋਗ, ਸਾਹ-ਰੋਗ, ਬੋਲਾਪਣ, ਸਿਰਦਰਦ, ਖੂਨ ਦਾ ਦਬਾਅ ਅਤੇ ਮਾਨਸਿਕ ਤਣਾਅ ਨਾਲ ਬੁਰੀ ਤਰ੍ਹਾਂ ਜਕੜਿਆ ਜਾ ਚੁੱਕਾ ਹੈ। ਪ੍ਰਦੂਸ਼ਣ ਨੂੰ ਰੋਕਣ ਲਈ ਵਿਸ਼ਵ ਪੱਧਰ 'ਤੇ ਕਈ ਉਪਰਾਲੇ ਕੀਤੇ ਜਾ ਰਹੇ ਹਨ। ਲੋਕਾਂ ਨੂੰ ਵਾਤਾਵਰਨ ਨੂੰ ਸ਼ੁੱਧ ਅਤੇ ਸਾਫ਼ ਰੱਖਣ ਬਾਰੇ ਸੁਚੇਤ ਕਰਨ ਲਈ ਵਿਸ਼ਵ-ਪੱਧਰ ਤੇ 5 ਜੂਨ ਦੇ ਦਿਨ ਨੂੰ ਵਾਤਾਵਰਨ-ਦਿਵਸ ਵਜੋਂ ਮਨਾਇਆ ਜਾਂਦਾ ਹੈ।

ਮਨੁੱਖ ਨੂੰ ਧਰਤੀ ਉੱਤੇ ਆਪਣੀ ਹੋਂਦ ਕਾਇਮ ਰੱਖਣ ਲਈ ਵਧਦੀ ਅਬਾਦੀ ਉੱਤੇ ਰੋਕ ਲਾਉਣੀ ਚਾਹੀਦੀ ਹੈ।ਅਬਾਦੀ ਘਟਣ ਨਾਲ ਪ੍ਰਦੂਸ਼ਣ ਫੈਲਾਉਣ ਵਾਲੇ ਉਤਪਾਦਾਂ ਦੀ ਵਰਤੋਂ ਘਟੇਗੀ ਅਤੇ ਪ੍ਰਦੂਸ਼ਣ ਵੀ ਘੱਟ ਹੋਵੇਗਾ। ਕਾਰਖ਼ਾਨਿਆਂ ਦੀਆਂ ਚਿਮਨੀਆਂ ਉੱਚੀਆਂ ਲਾਉਣੀਆਂ ਚਾਹੀਦੀਆਂ ਹਨ। ਮੋਟਰਗੱਡੀਆਂ ਦੀ ਸਮੇਂ-ਸਮੇਂ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ।ਜੰਗਲਾਂ ਦੀ ਕਟਾਈ 'ਤੇ ਰੋਕ ਲਾਉਣੀ ਚਾਹੀਦੀ ਹੈ ਅਤੇ ਵੱਧ ਤੋਂ ਵੱਧ ਦਰਖ਼ਤ ਲਾਉਣੇ ਚਾਹੀਦੇ ਹਨ।

ਸਾਨੂੰ ਆਪਣੇ ਜੀਵਨ ਅਤੇ ਸੋਹਣੀ ਧਰਤੀ ਦੀ ਹਰਿਆਵਲ ਨੂੰ ਬਰਕਰਾਰ ਰੱਖਣ ਲਈ, ਪ੍ਰਦੂਸ਼ਣ ਤੋਂ ਬਚਾਉਣ ਲਈ, ਵਾਤਾਵਰਨ ਨੂੰ ਗੰਧਲਾ ਤੇ ਜ਼ਹਿਰੀਲਾ ਕਰਨ ਵਾਲੇ ਉਪਰੋਕਤ ਕਾਰਨਾਂ ਨੂੰ ਦੂਰ ਕਰਨ ਲਈ ਠੋਸ ਅਤੇ ਅਮਲੀ ਕਦਮ ਚੁੱਕਣੇ ਪੈਣਗੇ। ਸਰਕਾਰ ਦੁਆਰਾ ਕੀਤੇ ਜਾ ਰਹੇ ਉਪਰਾਲਿਆਂ ਵਿੱਚ ਸਾਨੂੰ ਵਧ-ਚੜ੍ਹ ਕੇ ਹਿੱਸਾ ਪਾਉਣਾ ਚਾਹੀਦਾ ਹੈ। ਇਸੇ ਵਿੱਚ ਸਮੁੱਚੀ ਮਾਨਵਤਾ ਦਾ ਭਲਾ ਹੈ।


SHARE THIS

Author:

I am writing to express my concern over the Hindi Language. I have iven my views and thoughts about Hindi Language. Hindivyakran.com contains a large number of hindi litracy articles.

0 comments: