Punjabi Essay on "Jarag Festival", “ਜਰਗ ਦਾ ਮੇਲਾ ਲੇਖ”, “Jarag Da Mela” Punjabi Essay for Class 5, 6, 7, 8, 9 and 10
ਮੇਲੇ ਪੰਜਾਬੀ ਸੱਭਿਆਚਾਰ ਅਤੇ ਰਹਿਣੀ-ਬਹਿਣੀ ਦੀ ਸ਼ਾਨਦਾਰ ਨੁਮਾਇਸ਼ ਹਨ। ਖ਼ਾਸ ਕਰ ਪੰਜਾਬੀ ਜੀਵਨ ਨੂੰ ਜੇ ਰੌਣਕ ਵਿੱਚ ਵੇਖਣਾ ਹੋਵੇ ਤਾਂ ਇਸ ਦਾ ਨਜ਼ਾਰਾ ਮੇਲਿਆਂ ਵਿੱਚੋਂ ਲਿਆ ਜਾ ਸਕਦਾ ਹੈ। ਮੇਲਿਆਂ ਵਿੱਚ ਗੱਭਰੂ ਰੰਗ-ਬਰੰਗੀਆਂ ਪੱਗਾਂ ਬੰਨ੍ਹੀ ਲੁੱਡੀਆਂ ਪਾਉਂਦੇ, ਆਪਣਾ ਮਨੋਰੰਜਨ ਤਾਂ ਕਰਦੇ ਹੀ ਹਨ, ਨਾਲ ਹੀ ਦੇਖਣ ਵਾਲਿਆਂ ਨੂੰ ਵੀ ਇੱਕ ਅਨੋਖਾ ਹੁਲਾਰਾ ਦਿੰਦੇ ਹਨ। ਕੀ ਬੁੱਢਾ ਤੇ ਕੀ ਬਾਲ, ਗੱਲ ਕੀ ਹਰ ਕੋਈ ਬੇਫ਼ਿਕਰੀ ਦੇ ਰੰਗ ਵਿੱਚ ਹੁੰਦਾ ਹੈ। ਮੇਲੇ ਦੇ ਮਨ-ਭਾਉਂਦੇ ਤੇ ਵੰਨ-ਸੁਵੰਨੇ ਦ੍ਰਿਸ਼ਾਂ ਨੂੰ ਵੇਖ-ਵੇਖ ਖੀਵੇ ਹੁੰਦੇ ਹਨ। ਪੇਂਡੂ ਲੋਕਾਂ ਨੂੰ ਮੇਲਾ ਵੇਖਣ ਦਾ ਸ਼ੌਕ ਕੁਝ ਵਧੇਰੇ ਹੁੰਦਾ ਹੈ। ਉਹ ਠਾਠ ਨਾਲ ਜਾਂਵੀਆਂ ਵਾਂਗ ਸਜ-ਧਜ ਕੇ ਪੂਰੇ ਰੋਹਬ ਨਾਲ, ਸੰਮਾਂ ਵਾਲੀ ਡਾਂਗ ਫੜੀ ਮੇਲੇ ਵਿੱਚ ਪਹੁੰਚਦੇ ਹਨ।
ਪੰਜਾਬ ਵਿੱਚ ਚੱਪੇ-ਚੱਪੇ 'ਤੇ ਮੇਲੇ ਲੱਗਦੇ ਰਹਿੰਦੇ ਹਨ। ਇਹਨਾਂ ਮੇਲਿਆਂ ਵਿੱਚ ਕਿਤੇ ਮੌਸਮੀ ਤਬਦੀਲੀਆਂ ਨੂੰ ਮਨਾਇਆ ਜਾਂਦਾ ਹੈ, ਕਿਤੇ ਕਿਸੇ ਗੁਰੂ-ਪੀਰ ਜਾਂ ਦੇਵੀ-ਦੇਵਤਿਆਂ ਦੀਆਂ ਮੰਨਤਾਂ ਲਾਹੁਣ ਲਈ ਇਹਨਾਂ ਮੇਲਿਆਂ ਉੱਤੇ ਜਾਇਆ ਜਾਂਦਾ ਹੈ। ਉਂਝ ਤਾਂ ਹਰ ਮੇਲੇ ਦੀ ਪ੍ਰਕਿਰਤੀ ਵੱਖਰੀ ਹੋਣ ਕਰਕੇ ਆਪਣਾ ਮਹੱਤਵ ਵੱਖਰਾ ਹੈ ਪਰ ‘ਜਰਗ ਦੇ ਮੇਲੇ ਦਾ ਮਹੱਤਵ ਆਪਣਾ ਹੀ ਹੈ।
‘ਜਰਗ’ ਲੁਧਿਆਣਾ ਦਾ ਮਸ਼ਹੂਰ ਕਸਬਾ ਹੈ, ਜਿੱਥੇ ‘ਸੀਤਲਾ ਮਾਤਾ ਨੂੰ ਖ਼ੁਸ਼ ਕਰਨ ਲਈ ‘ਚੇਤਰ ਦੇ ਮਹੀਨੇ ਬਾਹੜੀਏ ਵਾਲੇ ਦਿਨ ਇੱਕ ਭਾਰੀ ਮੇਲਾ ਜੁੜਦਾ ਹੈ। ਇਹ ਮੇਲਾ ਇੱਕ ਟੋਭੇ ਦੁਆਲੇ ਇਕੱਤਰ ਹੁੰਦਾ ਹੈ। ਇੱਥੇ ਸੀਤਲਾ ਮਾਈ ਦੀ ਪੂਜਾ ਕਰਨ ਲਈ ਲੋਕ-ਮਾਨਤਾ ਅਨੁਸਾਰ ਲੋਕ ਟੋਭੇ ਵਿੱਚੋਂ ਮਿੱਟੀ ਕੱਢਦੇ ਹਨ। ਮਿੱਟੀ ਦਾ ਮਟੀਲਾ ਜਾਂ ਪੁਤਲਾ ਬਣਾ ਕੇ ਉਸ ਦੀ ਪੂਜਾ ਕੀਤੀ ਜਾਂਦੀ ਹੈ। ਲੋਕ ਇਸ ਦਿਨ ਮਾਤਾ ਰਾਣੀ ਦੇ ਨਾਂ 'ਤੇ ਗੁਲਗੁਲੇ ਪਕਾ ਕੇ ਮਾਤਾ ਨੂੰ ਭੇਟਾਵਾਂ ਚੜ੍ਹਾਉਂਦੇ ਅਤੇ ਆਪਣੇ ਬਾਲ-ਬੱਚਿਆਂ ਦੀ ਖ਼ੈਰ ਮੰਗਦੇ ਹਨ,
ਮਾਤਾ ਰਾਣੀਏ ਗੁਲਗੁਲੇ ਖਾਣੀਏ, ਬਾਲ-ਬੱਚਾ ਰਾਜ਼ੀ ਰੱਖਣਾ।
ਪੰਜਾਬ ਦੇ ਲੋਕ ਚੇਚਕ ਨੂੰ ਇੱਕ ਬੜੀ ਭੈੜੀ ਬਿਮਾਰੀ ਮੰਨਦੇ ਹਨ। ਉਹ ਇਸ ਦਾ ਨਾਂ ਲੈਣਾ ਵੀ ਮਾੜਾ ਸਮਝਦੇ ਹਨ । ਇਸ ਲਈ ਆਮ ਕਰਕੇ ‘ਮਾਤਾ ਨਿਕਲੀ ਕਿਹਾ ਜਾਂਦਾ ਹੈ। ਲੋਕਾਂ ਦਾ ਤਾਂ ਇਹ ਵੀ ਖ਼ਿਆਲ ਹੈ ਕਿ ਸੀਤਲਾ ਮਾਤਾ ਗਧੇ ਦੀ ਸਵਾਰੀ ਕਰਕੇ ਆਉਂਦੀ ਹੈ । ਇਸ ਲਈ ਸੀਤਲਾ ਮਾਤਾ ਦੇ ਵਾਹਨ ਗਧੇ ਦੀ ਪੂਜਾ ਵੀ ਕੀਤੀ ਜਾਂਦੀ ਹੈ। ਇਹਨਾਂ ਗਧਿਆਂ ਨੂੰ ਰੰਗ-ਬਰੰਗੇ ਭੁੱਲਾਂ ਨਾਲ ਸ਼ਿੰਗਾਰ ਕੇ, ਘੁੰਗਰੂ, ਮਣਕੇ ਆਦਿ ਪਹਿਨਾ ਕੇ, ਸੁਆਰ-ਬਣਾ ਕੇ ਮੇਲੇ ਵਿੱਚ ਲਿਆਉਂਦੇ ਹਨ। ਮਾਤਾ ਦੇ ਸ਼ਰਧਾਲੂ ਇਹਨਾਂ ਨੂੰ ਤਰ੍ਹਾਂ-ਤਰ੍ਹਾਂ ਦਾ ਦਾਣਾ-ਬੱਕਲੀਆਂ, ਮਿੱਠੀਆਂ ਰੋਟੀਆਂ ਅਤੇ ਗੁਲਗੁਲੇ ਆਦਿ ਖੁਆ ਕੇ ਪ੍ਰਸੰਨ ਕਰਦੇ ਹਨ। ਇਸ ਤਰ੍ਹਾਂ ਕਰਨ ਨਾਲ ਚੇਚਕ ਖ਼ਤਮ ਹੁੰਦੀ ਹੈ ਜਾਂ ਨਹੀਂ ਪਰ ਇਸ ਤਰ੍ਹਾਂ ਦੇ ਵਹਿਮਾਂ-ਭਰਮਾਂ ਵਾਲੀ ਦੇਵੀ-ਦੇਵਤਿਆਂ ਦੀ ਮਾਨਤਾ ਸਾਡੇ ਜਨ-ਜੀਵਨ ਵਿੱਚ ਰਸਮਾਂਰਿਵਾਜਾਂ ਦਾ ਇੱਕ ਜ਼ਰੂਰੀ ਅੰਗ ਬਣੀ ਰਹੀ ਹੈ। ਸਾਡੀ ਲੋਕ-ਬੋਲੀ ਵਿੱਚ ਅਜਿਹੀ ਪੂਜਾ, ਮਾਨਤਾ ਦਾ ਜ਼ਿਕਰ ਵੀ ਮਿਲਦਾ ਹੈ।ਦੇਵੀ ਦੀ ਮੈਂ ਕਰਾਂ ਕੜਾਹੀ,
ਪੀਰ-ਫ਼ਕੀਰ ਧਿਆਵਾਂ।ਹੈਦਰ ਸ਼ੇਖ਼ ਦੇ ਦੇਵਾਂ ਬੱਕਰਾ,
ਅਜੋਕੀਆਂ ਸਿਹਤ-ਸਹੂਲਤਾਂ ਦੇ ਸਦਕੇ ਚੇਚਕ ਜਿਹੀ ਬਿਮਾਰੀ ਨੂੰ ਖ਼ਤਮ ਕਰਨ ਲਈ ਬੱਚਿਆਂ ਨੂੰ ਟੀਕੇ ਲਾਏ ਜਾਂਦੇ ਹਨ। ਐਪਰ ਰਵਾਇਤੀ ਮੇਲਾ ਅੱਜ ਵੀ ਭਰਦਾ ਹੈ। ਇਸ ਪ੍ਰਕਾਰ ਮੇਲੇ ਕੇਵਲ ਅਰਾਧਨਾ ਦਾ ਸਥਾਨ ਹੀ ਨਹੀਂ ਹੁੰਦੇ ਸਗੋਂ ਜਨ-ਸਧਾਰਨ ਲਈ ਜੁੜ-ਬੈਠਣ ਦਾ ਬਹਾਨਾ ਵੀ ਹੁੰਦੇ ਹਨ। ਕਿਸੇ ਨੇ ਸੱਚ ਹੀ ਕਿਹਾ ਹੈ, “ਮੇਲਾ ਮੇਲੀਆਂ ਦਾ, ਯਾਰਾਂ ਬੇਲੀਆਂ ਦਾ। ਇਹਨਾਂ ਰੌਣਕਾਂ ਨੂੰ ਵੇਖਣ ਲਈ ਹਰ ਗੱਭਰੂ ਅਤੇ ਮੁਟਿਆਰ ਦਾ ਜੀਅ ਕਰ ਆਉਂਦਾ ਹੈ। ਜਰਗ ਦਾ ਮੇਲਾ ਵੀ ਕੇਵਲ ਸੀਤਲਾ ਮਾਈ ਦੀ ਅਰਾਧਨਾ ਅਤੇ ਪੂਜਾ ਕਰਨ ਹਿਤ ਮਿੱਟੀ ਕੱਢਣ ਤੱਕ ਹੀ ਸੀਮਿਤ ਹੀ ਨਹੀਂ ਹੈ ਸਗੋਂ ਮੇਲੇ ਦੌਰਾਨ ਕਈ ਤਰ੍ਹਾਂ ਦੀਆਂ ਪੇਂਡੂ ਖੇਡਾਂ ਵੀ ਕਰਵਾਈਆਂ ਜਾਂਦੀਆਂ ਹਨ। ਇਹ ਖੇਡਾਂ ਭਾਰ-ਚੁੱਕਣ, ਜ਼ੋਰ ਅਜ਼ਮਾਉਣ ਅਤੇ ਜ਼ਿਮੀਂਦਾਰਾਂ ਦੇ ਲਾਡ ਨਾਲ ਪਾਲੇ ਪਸ਼ੂਆਂ ਦੀ ਨੁਮਾਇਸ਼ ਦਾ ਵੀ ਵਧੀਆ ਮੌਕਾ ਹੈ। ਮੇਲਾ ਲੱਗਣ ਤੋਂ ਕਈ-ਕਈ ਦਿਨ ਪਹਿਲਾਂ ਹੀ ਗੱਭਰੂ ਮੁੰਡੇ ਮੇਲੇ ਦੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਹਨ। ਮੇਲੇ ਜਾਣ ਲਈ ਸੰਗ-ਸਾਥ ਦਾ ਹੋਣਾ ਲਾਜ਼ਮੀ ਹੈ।ਜਿਸ ਇਕੱਲੇ ਨੂੰ ਸੰਗ-ਸਾਥ ਦਾ ਆਸਰਾ ਮਿਲ ਜਾਵੇ, ਉਹ ਲੰਮੀ ਵਾਟ ਕਰਨੋਂ ਸੰਕੋਚ ਨਹੀਂ ਕਰਦਾ। ਇਹ ਮੇਲੇ ਪ੍ਰੀਤਾਂ, ਸਾਂਝਾਂ ਅਤੇ ਮਿਲੁਨੀਆਂ ਦੀ ਤਾਂਘ ਵੀ ਹਨ ਜੋ ਹਰੇਕ ਪੰਜਾਬੀ ਨੂੰ ਧੂਹ ਪਾਉਂਦੇ ਹਨ।
ਜਰਗ ਦਾ ਮੇਲਾ ਨਿਰਾ-ਪੁਰਾ ਸੀਤਲਾ ਮਾਤਾ ਨੂੰ ਰਿਝਾਉਣ ਦਾ ਸਥਾਨ ਹੀ ਨਹੀਂ, ਸਗੋਂ ਵਿੱਛੜਿਆਂ ਨੂੰ ਮਿਲਾਉਣ ਦਾ ਵੀ ਇੱਕ ਵੱਡਾ ਕੇਂਦਰ ਹੈ। ਇੱਥੇ ਲੋਕ ਆਲੇ-ਦੁਆਲੇ ਤੋਂ ਆ ਕੇ ਆਪਣੀਆਂ ਮਨ ਦੀਆਂ ਰੀਝਾਂ ਪੂਰੀਆਂ ਕਰਦੇ ਹਨ। ਇਹ ਰੀਝਾਂ ਨਿੱਤ ਨਵੀਆਂ ਹੁੰਦੀਆਂ ਰਹਿੰਦੀਆਂ ਹਨ, ਸਿਰਫ਼ ਸਮਾਂ ਤੇ ਸਥਾਨ ਤਬਦੀਲ ਹੁੰਦਾ ਹੈ। ਕਦੀ ਇਹਨਾਂ ਦਾ ਟਿਕਾਣਾ ਛਪਾਰ ਹੁੰਦਾ ਹੈ, ਕਦੀ ਕਾਲੇਕੇ, ਕਦੀ ਗੁਰੂਸਰ, ਕਦੀ ਜਗਰਾਵਾਂ ਅਤੇ ਕਦੀ ਜਰਗ। ਸਮਾਂ ਤੇ ਸਥਾਨ ਭਾਵੇਂ ਕੋਈ ਵੀ ਹੋਵੇ ਪੰਜਾਬੀ ਸਦਾ ਨੱਚਣ, ਗਾਉਣ ਤੇ ਭੰਗੜਾ ਪਾਉਣ ਵਾਲੇ ਮਸਤ ਲੋਕ ਹਨ। ਇਹ ਮੇਲੇ ਇਹਨਾਂ ਲਈ ਇੱਕ ਤਰ੍ਹਾਂ ਦੇ ਸੁੰਦਰ ਰੰਗ-ਮੰਚ ਬਣਦੇ ਨੇ, ਜਿੱਥੇ ਇਹ ਆਪਣੇ ਜੌਹਰ ਦਿਖਾ ਕੇ ਲੋਕਾਂ ਨੂੰ ਖ਼ੁਸ਼ ਕਰਦੇ ਤੇ ਆਪ ਵੀ ਖਿੜੇ ਰਹਿੰਦੇ ਹਨ। ਸ਼ਾਲਾ! ਇਹ ਮੇਲਿਆਂ ਦਾ ਦਰਿਆ ਇਸੇ ਤਰ੍ਹਾਂ ਵਗਦਾ ਰਹੇ ਤੇ ਪੰਜਾਬੀ ਆਪਣੀਆਂ ਭੁੱਲੀਆਂ-ਵਿੱਸਰੀਆਂ ਸਾਂਝਾਂ ਨੂੰ ਪੱਕਿਆਂ ਕਰਦੇ ਰਹਿਣ।