Punjabi Essay on "A Hockey Match", "ਹਾਕੀ ਦਾ ਮੈਚ ਲੇਖ", "Hockey da match" Punjabi Essay for Class 5, 6, 7, 8, 9 and 10
ਸੰਸਾਰ ਭਰ ਦੀਆਂ ਖੇਡਾਂ ਵਿੱਚੋਂ ਹਾਕੀ ਦੀ ਖੇਡ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਹੈ। ਏਸ਼ਿਆਈ ਖੇਡਾਂ ਹੋਣ, ਭਾਵੇਂ ਉਲੰਪਿਕ ਖੇਡਾਂ, ਸਭ ਲੋਕਾਂ ਦਾ ਧਿਆਨ ਹਾਕੀ ਦੀ ਖੇਡ ਵੱਲ ਲੱਗਾ ਹੋਇਆ ਹੁੰਦਾ ਹੈ। ਇਹ ਖੇਡ ਚੁਸਤੀ-ਫੁਰਤੀ, ਅਤੇ ਸੂਝ-ਬੂਝ ਦੀ ਮੰਗ ਕਰਦੀ ਹੈ। ਬਾਕੀ ਸਭ ਖੇਡਾਂ ਵਿੱਚੋਂ ਇਹ ਖੇਡ ਸਭ ਤੋਂ ਤੇਜ਼ ਹੈ।
ਮੈਂ ਪਿਛਲੇ ਐਤਵਾਰ ਪੰਜਾਬ ਯੂਨੀਵਰਸਿਟੀ ਦੇ ਖੁੱਲ੍ਹੇ ਮੈਦਾਨ ਵਿੱਚ ਇੱਕ ਸ਼ਾਨਦਾਰ ਹਾਕੀ ਦਾ ਮੈਚ ਵੇਖਿਆ ਜਿਹੜਾ ਕਿ ਸਦਾ ਯਾਦ ਰਹੇਗਾ। ਇਹ ਮੈਚ ਗਿਆਨ ਜਿਓਤੀ ਸੀਨੀਅਰ ਸੈਕੰਡਰੀ ਸਕੂਲ ਅਤੇ ਸਾਡੇ ਸਕੂਲ ਦੀਆਂ ਟੀਮਾਂ ਦੇ ਦਰਮਿਆਨ ਖੇਡਿਆ ਗਿਆ। ਇਹ ਜ਼ਿਲ੍ਹਾ ਪੱਧਰ ਦਾ ਫ਼ਾਈਨਲ ਮੈਚ ਸੀ। ਮੈਚ ਸ਼ੁਰੂ ਹੋਣ ਤੋਂ ਅੱਧਾ ਘੰਟਾ ਪਹਿਲਾਂ ਹੀ ਸਟੇਡੀਅਮ ਦੀਆਂ ਪੌੜੀਆਂ ਦਰਸ਼ਕਾਂ ਨਾਲ ਭਰ ਗਈਆਂ ਸਨ। ਸਾਡਾ ਸਾਰਾ ਸਕੂਲ ਆਇਆ ਹੋਇਆ ਸੀ। ਇਸੇ ਤਰ੍ਹਾਂ ਗਿਆਨ ਜਿਓਤੀ ਸਕੂਲ ਦੇ ਵੀ ਬਹੁਤ ਸਾਰੇ ਵਿਦਿਆਰਥੀ ਆਏ ਹੋਏ ਸਨ।
ਪ੍ਰਸਿੱਧ ਹਾਕੀ ਖਿਡਾਰੀ ਸ. ਸੁਰਜੀਤ ਸਿੰਘ ਇਸ ਮੈਚ ਦੇ ਰੈਫ਼ਰੀ ਸਨ। ਰੈਫ਼ਰੀ ਨੇ ਠੀਕ ਸਾਢੇ ਚਾਰ ਵਜੇ ਸੀਟੀ ਮਾਰੀ। ਦੋਵੇਂ ਟੀਮਾਂ ਆਪਣੀ-ਆਪਣੀ ਵਰਦੀ ਵਿੱਚ ਬਹੁਤ ਜਚ ਰਹੀਆਂ ਸਨ। ਟੀਮਾਂ ਦੇ ਕੈਪਟਨਾਂ ਨੇ ਆਪਸ ਵਿੱਚ ਹੱਥ ਮਿਲਾਏ। ਫੇਰ ਟਾਸ ਕੀਤਾ ਗਿਆ। ਸਾਡੀ ਟੀਮ ਟਾਸ ਜਿੱਤ ਗਈ। ਸਾਡੀ ਟੀਮ ਨੇ ਖੇਡ ਦੇ ਮੈਦਾਨ ਦਾ ਪੱਛਮ ਵਾਲਾ ਪਾਸਾ ਮੱਲ ਲਿਆ। ਹੁਣ ਰੈਫ਼ਰੀ ਨੇ ਸੀਟੀ ਮਾਰੀ ਤੇ ਮੈਚ ਸ਼ੁਰੂ ਹੋ ਗਿਆ। ਸ਼ੁਰੂ-ਸ਼ੁਰੂ ਵਿੱਚ ਖੇਡ ਸੁਸਤ ਜਿਹੀ ਵਿਖਾਈ ਦਿੱਤੀ ਪਰ ਹੌਲੀ-ਹੌਲੀ ਖੇਡ ਤੇਜ਼ ਹੁੰਦੀ ਗਈ।
ਮੈਚ ਸ਼ੁਰੂ ਹੋਣ ਦੇ ਪੰਦਰਵੇਂ ਮਿੰਟ ਵਿੱਚ ਸਾਡੇ ਸੱਜੇ ਪਾਸੇ ਬਾਹਰਲੀ ਲਾਈਨ 'ਤੇ ਖੇਡਣ ਵਾਲੇ ਖਿਡਾਰੀ ਨੇ ਬਾਲ ਨੂੰ ਘੁਮਾਉਂਦਿਆਂ ਹੋਇਆਂ ਵਿਰੋਧੀ ਧਿਰਾਂ ਦੀ ‘ਡੀ’ ਲਾਈਨ ਕੋਲ ਜਾ ਕੇ ਬਾਲ ਸੈਂਟਰ-ਫ਼ਾਰਵਰਡ ਮਨਪ੍ਰੀਤ ਨੂੰ ਦੇ ਦਿੱਤਾ। ਮਨਪ੍ਰੀਤ ਨੇ ਮੌਕਾ ਨਾ ਖੁੰਝਾਉਂਦਿਆਂ ਹੋਇਆਂ ਵਿਰੋਧੀ ਧਿਰ ਦੇ ਦੋ ਖਿਡਾਰੀਆਂ ਨੂੰ 'ਡਾਜ’ ਦੇ ਕੇ ਬਾਲ ਗੋਲਾਂ ਵਿੱਚ ਸੁੱਟ ਦਿੱਤਾ। ਸਾਡੇ ਸਕੂਲ ਦੇ ਵਿਦਿਆਰਥੀਆਂ ਨੇ ਖੂਬ ਤਾੜੀਆਂ ਵਜਾਈਆਂ।
ਹੁਣ ਖੇਡ ਪੂਰੀ ਤਰ੍ਹਾਂ ਭਖ ਪਈ ਸੀ। ਗਿਆਨ ਜਿਓਤੀ ਸਕੂਲ ਦੇ ਖਿਡਾਰੀ ਵੀ ਪੂਰੀ ਤਨਦੇਹੀ ਨਾਲ ਖੇਡਣ ਲੱਗੇ। ਉਹ ਕਿਸੇ ਨਾ ਕਿਸੇ ਤਰ੍ਹਾਂ ਗੋਲ ਉਤਾਰਨਾ ਚਾਹੁੰਦੇ ਸਨ ਪਰ ਸਾਡੇ ਸਕੂਲ ਦੀ ਟੀਮ ਵੀ ਪੂਰੀ ਤਾਕਤ ਨਾਲ ਖੇਡ ਰਹੀ ਸੀ। ਮਿੰਟਾਂ-ਸਕਿੰਟਾਂ ਵਿੱਚ ਹੀ ਕਦੀ ਬਾਲ ਸਾਡੀ ਟੀਮ ਦੀ ‘’ ਵਿੱਚ ਹੁੰਦਾ, ਕਦੀ ਵਿਰੋਧੀ ਧਿਰ ਦੀ ‘ਡੀ ਵਿੱਚ | ਕਈ ਮੌਕੇ ਦੋਹਾਂ ਟੀਮਾਂ ਨੂੰ ਮਿਲੇ ਪਰ ਗੋਲ ਨਾ ਹੋ ਸਕਿਆ | ਅਚਾਨਕ ਹੀ ਗਿਆਨ ਜਿਓਤੀ ਸਕੂਲ ਦੇ ਕਪਤਾਨ ਨੇ ਸੈਂਟਰ ਵਿੱਚੋਂ ਪਾਸ ਆਪਣੇ ਖੱਬੀ ਲਾਈਨ ’ਤੇ ਖੇਡਣ ਵਾਲੇ ਖਿਡਾਰੀ ਨੂੰ ਦਿੱਤਾ ਅਤੇ ਅੱਖ ਝਮਕਣ ਤੋਂ ਵੀ ਥੋੜ੍ਹੇ ਸਮੇਂ ਵਿੱਚ ਹੀ ਉਸ ਨੇ ਗੋਲ ਕਰ ਦਿੱਤਾ | ਸਾਡਾ ਗੋਲ-ਕੀਪਰ ਵੇਖਦਾ ਹੀ ਰਹਿ ਗਿਆ । ਥੋੜੀ ਹੀ ਦੇਰ ਵਿੱਚ ਅੱਧਾ ਸਮਾਂ ਹੋ ਗਿਆ। ਰੈਫ਼ਰੀ ਨੇ ਸੀਟੀ ਮਾਰ ਕੇ ਮੈਚ ਬੰਦ ਕਰਵਾ ਦਿੱਤਾ। ਅੱਧੇ ਸਮੇਂ ਤੱਕ ਦੋਵੇਂ ਟੀਮਾਂ ਇੱਕ-ਇੱਕ ਗੋਲ ਦੀ ਬਰਾਬਰੀ ’ਤੇ ਸਨ।
ਦੋਹਾਂ ਸਕੂਲਾਂ ਦੇ ਵਿਦਿਆਰਥੀ ਮੈਦਾਨ ਵਿੱਚੋਂ ਬਾਹਰ ਆ ਗਏ ਅਤੇ ਆਪਣੇ ਸਾਥੀ ਖਿਡਾਰੀਆਂ ਨੂੰ ਮਿਲਨ ਲੱਗੇ। ਮੈਂ ਵੀ ਮਨਪ੍ਰੀਤ ਨਾਲ ਹੱਥ ਮਿਲਾਇਆ ਅਤੇ ਹਲਾਸ਼ੇਰੀ ਦਿੱਤੀ। ਖਿਡਾਰੀਆਂ ਨੂੰ ਨਿੰਬੂ-ਪਾਣੀ ਪਿਆਇਆ ਗਿਆ ਤੇ ਫਲ ਖਾਣ ਨੂੰ ਦਿੱਤੇ ਗਏ। ਦੋਹਾਂ ਟੀਮਾਂ ਦੇ ਕੋਚ ਆਪਣੇ-ਆਪਣੇ ਖਿਡਾਰੀਆਂ ਨੂੰ ਸਮਝਾ ਰਹੇ ਸਨ। ਏਨੇ ਨੂੰ ਸਮਾਂ ਖ਼ਤਮ ਹੋਣ 'ਤੇ ਰੈਫ਼ਰੀ ਨੇ ਸੀਟੀ ਮਾਰ ਦਿੱਤੀ।
ਮੈਚ ਦੁਬਾਰਾ ਸ਼ੁਰੂ ਹੋ ਗਿਆ। ਦੋਵੇਂ ਟੀਮਾਂ ਤਾਜ਼ਾ ਹੋ ਕੇ ਆਈਆਂ ਸਨ ਤੇ ਮੁੜ ਕੇ ਪੂਰੇ ਜੋਸ਼ ਨਾਲ ਖੇਡ ਰਹੀਆਂ ਸਨ। ਖੇਡ ਸ਼ੁਰੂ ਹੋਣ ਦੇ ਛੇਵੇਂ ਮਿੰਟ ਵਿੱਚ ਹੀ ਬਾਲ ਸਾਡੇ ਸਕੂਲ ਦੇ ਸੈਂਟਰ-ਫ਼ਾਰਵਰਡ ਦੇ ਹੱਥ ਵਿੱਚ ਆ ਗਈ। ਉਸ ਨੇ ਇੱਕ-ਦੋ ਖਿਡਾਰੀਆਂ ਨੂੰ ਡਾਜ ਦਿੱਤੀ ਅਤੇ ਮਲਕੜੇ ਜਿਹੇ ਬਾਲ ਲੈਫ਼ਟ-ਆਊਟ ਨੂੰ ਦੇ ਦਿੱਤਾ। ਇਸ ਪਾਸਿਓਂ ਗੋਲ਼ ਬਹੁਤ ਘੱਟ ਹੁੰਦੇ ਹਨ ਪਰ ਸਾਰਿਆਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਸਾਡੇ ਲੈਫ਼ਟ-ਆਊਟ ਨੇ ਬਾਲ ਡੀ ਵਿੱਚ ਲਿਜਾ ਕੇ ਗੋਲਾਂ ਵਿੱਚ ਦੇ ਮਾਰਿਆ। ਕਪਤਾਨ ਨੇ ਜਸਪ੍ਰੀਤ ਨੂੰ ਜਾ ਕੇ ਜੱਫੀ ਪਾ ਲਈ। ਇਸ ਤਰ੍ਹਾਂ ਸਾਡਾ ਸਕੂਲ ਇੱਕ ਦੇ ਮੁਕਾਬਲੇ ਦੋ ਗੋਲਾਂ ਨਾਲ ਅੱਗੇ ਹੋ ਗਿਆ। ਸਕੂਲ ਦੀ ਟੀਮ ਹੁਣ ਪੂਰਾ ਜ਼ੋਰ ਲਾ ਕੇ ਖੇਡਣ ਲੱਗੀ ਪਰ ਸਾਡੇ ਸਕੂਲ ਵਾਲੇ ਹੁਣ ਬਚਾਅ ਦਾ ਪੂਰਾ ਧਿਆਨ ਰੱਖ ਰਹੇ ਸਨ।ਵਿਰੋਧੀ ਧਿਰ ਨੂੰ ਦੋ ਮੌਕੇ ਮਿਲੇ ਜ਼ਰੂਰ ਪਰ ਉਹ ਗੋਲ ਨਾ ਕਰ ਸਕੇ । 6-7 ਮਿੰਟਾਂ ਮਗਰੋਂ ਰੈਫ਼ਰੀ ਨੇ ਸਮਾਂ ਸਮਾਪਤ ਹੋਣ ਦੀ ਲੰਮੀ ਸੀਟੀ ਮਾਰ ਦਿੱਤੀ।
ਸਾਡਾ ਸਕੂਲ ਮੈਚ ਜਿੱਤ ਗਿਆ। ਸਾਡੇ ਪ੍ਰਿੰਸੀਪਲ ਸਾਹਿਬ ਨੇ ਮੈਚ ਜਿੱਤਣ ਦੀ ਖ਼ੁਸ਼ੀ ਵਿੱਚ ਅਗਲੇ ਦਿਨ ਦੀ ਛੁੱਟੀ ਕਰ ਦਿੱਤੀ।