Essay on One Day of Winter in Punjabi Language : In this article, we are providing ਅਤਿ ਸਰਦੀ ਦਾ ਇਕ ਦਿਨ ਲੇਖ for students. Punjabi Essay/Par...
Punjabi Essay on "One Day of Winter", “ਅਤਿ ਸਰਦੀ ਦਾ ਇਕ ਦਿਨ ਲੇਖ”, “Thand Da Ik Din” Punjabi Essay for Class 5, 6, 7, 8, 9 and 10
ਰੁੱਤਾਂ ਬਦਲਦੀਆਂ ਰਹਿੰਦੀਆਂ ਹਨ। ਹਰ ਰੁੱਤ ਦਾ ਸਾਡੇ ਜੀਵਨ ਨਾਲ ਸੰਬੰਧ ਹੈ ਗਰਮੀ ਦੀ ਰੁੱਤ, ਸਰਦੀ ਦੀ ਰੁੱਤ, ਬਸੰਤ ਦਾ ਆਗਮਨ, ਪਤਝੜ ਦੀ ਰੁੱਤ-ਹਰ ਰੁੱਤ ਦਾ ਆਪਣਾ ਹੀ ਮਹੱਤਵ ਹੈ। ਨਵੰਬਰ ਮਹੀਨੇ ਤੋਂ ਸਰਦੀ ਰੁੱਤ ਸ਼ੁਰੂ ਹੋ ਜਾਂਦੀ ਹੈ ਤੇ ਪੰਜਾਬ ਵਿੱਚ ਦਸੰਬਰ ਤੇ ਜਨਵਰੀ ਵਿੱਚ ਅਤਿ ਦੀ ਸਰਦੀ ਪੈਂਦੀ ਹੈ। ਇਸ ਵਾਰ ਤਾਂ ਜਨਵਰੀ ਮਹੀਨੇ ਵਿੱਚ ਅੰਤਾਂ ਦੀ ਠੰਢ ਪਈ। 13 ਜਨਵਰੀ ਤਾਂ ਅਤਿ ਸਰਦੀ ਦਾ ਦਿਨ ਸੀ। ਇਸ ਦਿਨ ਲੋਹੜੀ ਦਾ ਤਿਉਹਾਰ ਵੀ ਸੀ। ਮੈਂ ਸਵੇਰੇ-ਸਵੇਰੇ ਉੱਠੀ। ਬਾਹਰ ਨਿਕਲ ਕੇ ਵੇਖਿਆ ਚਾਰੇ ਪਾਸੇ ਧੁੰਦ ਹੀ ਧੁੰਦ ਦਿਖਾਈ ਦੇ ਰਹੀ ਸੀ, ਕੁਝ ਵੀ ਨਜ਼ਰ ਨਹੀਂ ਸੀ ਆ ਰਿਹਾ। ਸੱਤ ਵੱਜ ਚੁੱਕੇ ਸਨ। ਮੈਂ ਸਿੱਧੀ ਰਸੋਈ ਵਿੱਚ ਗਈ। ਚਾਹ ਬਣਾ ਕੇ ਪੀਤੀ ਤੇ ਕੁਝ ਨਿੱਘ ਮਹਿਸੂਸ ਕੀਤਾ। ਗੁਸਲਖ਼ਾਨੇ ਵਿੱਚ ਨਾਉਣ ਲਈ ਪਾਣੀ ਗਰਮ ਸੀ। ਮੈਂ ਨਾ ਕੇ ਸਕੂਲ ਦੀ ਵਰਦੀ ਪਾਈ ਤੇ ਸਕੂਲ ਜਾਣ ਲਈ ਤਿਆਰ ਹੋ ਗਈ। ਮਾਤਾ ਜੀ ਨੇ ਮੈਨੂੰ ਮੱਕੀ ਦੀ ਮੇਥੀ ਵਾਲੀ ਗਰਮ-ਗਰਮ ਰੋਟੀ ਮੱਖਣ ਨਾਲ ਖਾਣ ਨੂੰ ਦਿੱਤੀ। ਨਾਸ਼ਤਾ ਕਰਕੇ ਮੈਂ ਅੱਠ ਵਜੇ ਬਿਲਕੁਲ ਤਿਆਰ ਸੀ। ਮੈਂ ਆਪਣਾ ਬਸਤਾ ਚੁੱਕਿਆ ਤੇ ਸਾਈਕਲ 'ਤੇ ਸਕੂਲ ਲਈ ਚੱਲ ਪਈ।
ਘਰੋਂ ਬਾਹਰ ਨਿਕਲੀ ਤਾਂ ਦੇਖਿਆ ਕਿ ਸਾਰੇ ਪਾਸੇ ਧੁੰਦ ਹੀ ਧੁੰਦ ਸੀ। ਕੁਝ ਵੀ ਦਿਖਾਈ ਨਹੀਂ ਸੀ ਦੇ ਰਿਹਾ । ਸੜਕ 'ਤੇ ਕੋਈ-ਕੋਈ ਬੱਚਾ ਹੀ ਦਿਖਾਈ ਦੇ ਰਿਹਾ ਸੀ। ਮੈਂ ਦਸਤਾਨੇ ਪਾਏ ਹੋਏ ਸਨ ਪਰ ਫਿਰ ਵੀ ਮੇਰੇ ਹੱਥ ਠੰਢ ਕਾਰਨ ਠਰ ਰਹੇ ਸਨ। ਰਸਤੇ ਵਿੱਚ ਕੁਝ ਬੰਦੇ ਇਕੱਠੇ ਹੋ ਕੇ ਅੱਗ ਬਾਲੀ ਬੈਠੇ ਸਨ ਤੇ ਸੇਕ ਰਹੇ ਸਨ। ਵਿਰਲਾ-ਟਾਂਵਾਂ ਬੰਦਾ ਹੀ ਸੜਕ ਉੱਤੇ ਦਿਖਾਈ ਦੇ ਰਿਹਾ ਸੀ।
ਕੁਝ ਮਿੰਟਾਂ ਵਿੱਚ ਹੀ ਮੈਂ ਸਕੂਲ ਪਹੁੰਚ ਗਈ। ਮੈਂ ਸਾਈਕਲ-ਸਟੈਂਡ ’ਤੇ ਸਾਈਕਲ ਰੱਖਿਆ ਤੇ ਆਪਣੀ ਜਮਾਤ ਦੇ ਕਮਰੇ ਵਿੱਚੋਂ ਆਪਣਾ ਬਸਤਾ ਰੱਖ ਦਿੱਤਾ। ਬਹੁਤ ਥੋੜੇ ਬੱਚੇ ਸਕੂਲ ਆਏ ਹੋਏ ਸਨ। ਜਿਹੜੇ ਬੱਚੇ ਆਏ ਸਨ, ਉਹਨਾਂ ਵਿੱਚੋਂ ਕੁਝ ਧੂਣੀ ਬਾਲ ਕੇ ਅੱਗ ਸੇਕ ਰਹੇ ਸਨ। ਕੁਝ ਬੱਚੇ ਮੈਦਾਨ ਵਿੱਚ ਖੇਡ ਰਹੇ ਸਨ ਪ੍ਰਾਰਥਨਾ ਦੀ ਘੰਟੀ ਵੱਜੀ। ਸਾਰੇ ਵਿਦਿਆਰਥੀ ਖੁੱਲ੍ਹੇ ਮੈਦਾਨ ਵਿੱਚ ਇਕੱਠੇ ਹੋ ਗਏ।ਉਹ ਠੰਢ ਨਾਲ ਥਰ-ਥਰ ਕੰਬ ਰਹੇ ਸਨ। ਅਧਿਆਪਕ ਸਾਨੂੰ ਜਲਦੀ ਹੀ ਕਲਾਸ-ਰੂਮ ਵਿੱਚ ਲੈ ਗਏ।
ਪੰਜਾਬੀ ਦੇ ਅਧਿਆਪਕ ਸ. ਦਰਸ਼ਨ ਸਿੰਘ ਨੇ ਕਿਹਾ ਕਿ ਅੱਜ ਲੋਹੜੀ ਦੇ ਗੀਤ ਸੁਣਾਓ। ਅਸੀਂ ਸਾਰਿਆਂ ਨੇ ‘ਸੁੰਦਰ-ਮੁੰਦਰੀਏ ਵਾਲਾ ਗੀਤ ਰਲ ਕੇ ਗਾਇਆ।ਉਹਨਾਂ ਨੇ ਸਾਨੂੰ ਮੂੰਗਫਲੀ ਤੇ ਰਿਓੜੀਆਂ ਖਾਣ ਨੂੰ ਦਿੱਤੀਆਂ। ਹਾਜ਼ਰੀ ਬਹੁਤ ਘੱਟ ਸੀ ਇਸ ਕਰਕੇ ਪੜ੍ਹਾਈ ਦਾ ਕੰਮ ਨਹੀਂ ਹੋਇਆ | ਸਾਰਾ ਦਿਨ ਸੂਰਜ ਦੇਵਤਾ ਦੇ ਦਰਸ਼ਨ ਨਹੀਂ ਹੋਏ। ਚਾਰ ਵਜੇ ਛੁੱਟੀ ਹੋਈ ਤਾਂ ਮੈਂ ਸਿੱਧੀ ਘਰ ਪਹੁੰਚੀ। ਮਾਤਾ ਜੀ ਨੇ ਗਰਮ-ਗਰਮ ਪਕੌੜੇ ਬਣਾਏ ਹੋਏ ਸਨ। ਉਹਨਾਂ ਨੇ ਖੀਰ ਤੇ ਸਾਗ ਵੀ ਬਣਾਇਆ ਸੀ ਜੋ ਅਸੀਂ ਅਗਲੇ ਦਿਨ (ਮਾਘੀ ਵਾਲੇ ਦਿਨ) ਖਾਣਾ ਸੀ। ਮੈਂ ਗਰਮ-ਗਰਮ ਪਕੌੜੇ ਖਾਧੇ ਤੇ ਚਾਹ ਪੀਤੀ। ਹੁਣ ਮੈਂ ਅੰਗੀਠੀ ਕੋਲ ਹੀ ਬੈਠ ਗਈ ਤੇ ਆਪਣੇ ਮਾਤਾ ਜੀ ਨਾਲ ਗੱਲਾਂ ਕਰਨ ਲੱਗੀ। ਅਤਿ ਸਰਦੀ ਦਾ ਇਹ ਦਿਨ ਮੈਨੂੰ ਹਮੇਸ਼ਾਂ ਯਾਦ ਰਹੇਗਾ।
COMMENTS