Punjabi Essay on "Hobbies and Interests", “ਸ਼ੌਕ ਅਤੇ ਰੁਚੀ ਲੇਖ ਪੰਜਾਬੀ”, Punjabi Essay for Class 5, 6, 7, 8, 9 and 10
ਸ਼ੁਗਲ ਤੋਂ ਭਾਵ ਕਿੱਤੇ ਤੋਂ ਬਿਨਾਂ ਉਹ ਰੁਝੇਵਾਂ, ਜੋ ਵਿਅਕਤੀ ਆਪਣੇ ਵਿਹਲੇ ਸਮੇਂ ਵਿੱਚ ਕਰਦਾ ਹੈ। ਕਿੱਤਾ ਜਾਂ ਧੰਦਾ ਰੋਟੀ ਕਮਾਉਣ ਦਾ ਸਾਧਨ ਹੁੰਦਾ ਹੈ। ਇਹ ਧੰਦਾ ਕੁਝ ਬੰਧਨਾਂ ਵਿੱਚ ਰਹਿ ਕੇ ਕਰਨਾ ਪੈਂਦਾ ਹੈ। ਪਰ ਸ਼ੁਗਲ ਲਈ ਕੋਈ ਬੰਧਨ ਨਹੀਂ ਹੁੰਦਾ। ਜੇਕਰ ਸਾਡਾ ਦਿਲ ਕੀਤਾ ਤਾਂ ਕਰ ਲਿਆ, ਨਹੀਂ ਨਾ ਸਹੀ। ਕਈ ਮਨ-ਮੌਜੀ ਆਦਮੀ ਕਿੱਤੇ ਨੂੰ ਵੀ ਸ਼ੁਗਲ ਹੀ ਸਮਝਦੇ ਹਨ। ਜਿਹੜੇ ਆਦਮੀ ਕਿੱਤੇ ਨੂੰ ਸ਼ੁਗ਼ਲ ਬਣਾ ਲਵੇ ਉਹ ਸਫ਼ਲ ਰਹਿੰਦਾ ਹੈ ਕਿਉਂਕਿ ਉਸ ਨੂੰ ਕੰਮ ਵਿੱਚੋਂ ਵੀ ਸ਼ੁਗ਼ਲ ਵਰਗਾ ਸੁਆਦ ਹੀ ਆਉਂਦਾ ਹੈ। ਜਿਸ ਆਦਮੀ ਲਈ ਕੋਈ ਇੱਕ ਕੰਮ ਕਿੱਤਾ ਜਾਂ ਧੰਦਾ ਹੈ ਦੂਜੇ ਲਈ ਉਹੀ ਕੰਮ ਸ਼ੁਗਲ ਹੋ ਸਕਦਾ ਹੈ। ਫੋਟੋਗ੍ਰਾਫੀ ਕਈਆਂ ਦਾ ਕਿੱਤਾ ਹੈ ਪਰ ਕਈਆਂ ਦਾ ਸ਼ੁਗਲ ਹੈ।
ਸ਼ੁਗ਼ਲ ਸਾਨੂੰ ਅਨੰਦ ਦਿੰਦੇ ਹਨ। ਫ਼ਾਲਤੂ ਗੱਪਾਂ ਮਾਰਨ ਜਾਂ ਨਿੰਦਿਆ-ਚੁਗਲੀ ਕਰਨ ਤੋਂ ਬਚਾਉਂਦੇ ਹਨ। ਵਿਹਲਾ ਦਿਮਾਗ ਸ਼ੈਤਾਨ ਦਾ ਘਰ ਹੁੰਦਾ ਹੈ। ਚੰਗਾ ਤਾਂ ਇਹੀ ਹੈ ਕਿ ਵਿਹਲੇ ਸਮੇਂ ਦੀ ਸਹੀ ਵਰਤੋਂ ਕਰੀਏ।
ਪੁਰਾਣੇ ਸਮਿਆਂ ਵਿੱਚ ਰੱਸੇ ਵੱਟਣਾ, ਉੱਨ ਕੱਤਣਾ, ਤਿੱਤਰ, ਬਟੇਰੇ, ਮੁਰਗੇ ਪਾਲਣੇ ਤੇ ਉਹਨਾਂ ਦੀਆਂ ਲੜਾਈਆਂ ਕਰਵਾਉਣੀਆਂ ਲੋਕਾਂ ਦਾ ਵੱਡਾ ਸ਼ੁਗ਼ਲ ਹੁੰਦਾ ਸੀ। ਅਖਾੜੇ ਵਿੱਚ ਘੋਲ ਕਰਨਾ ਵੀ ਤਾਂ ਸ਼ੁਗ਼ਲ ਹੀ ਹੁੰਦਾ ਸੀ। ਅੱਜ-ਕੱਲ੍ਹ ਅਸੀਂ ਇਹਨਾਂ ਗੱਲਾਂ ਨੂੰ ਭੁੱਲਦੇ ਜਾ ਰਹੇ ਹਾਂ।
ਸ਼ੁਗ਼ਲ ਕਈ ਪ੍ਰਕਾਰ ਦੇ ਹਨ - ਬਾਗ਼ਬਾਨੀ, ਫੋਟੋਗ੍ਰਾਫੀ, ਚਿੱਤਰਕਾਰੀ, ਸਿੱਕੇ ਇਕੱਠੇ ਕਰਨੇ , ਟਿਕਟਾਂ ਇਕੱਠੀਆਂ ਕਰਨੀਆਂ, ਕਿਤਾਬਾਂ ਪੜ੍ਹਨੀਆਂ, ਕਸੀਦੇ ਕੱਢਣੇ ਆਦਿ ਸਭ ਸ਼ੁਗ਼ਲ ਹੀ ਹਨ। ਸ਼ੁਗਲ ਮਨ ਤੇ ਰੂਹ ਦੀ ਖੁਰਾਕ ਹੁੰਦੇ ਹਨ। ਇਹਨਾਂ ਨਾਲ ਸਾਡਾ ਮਨ ਖੇੜੇ ਵਿੱਚ ਰਹਿੰਦਾ ਹੈ ਤੇ ਸਾਨੂੰ ਥਕੇਵਾਂ ਉੱਕਾ ਹੀ ਮਹਿਸੂਸ ਨਹੀਂ ਹੁੰਦਾ।
ਸ਼ੁਗਲ ਦਾ ਵੱਡਾ ਫ਼ਾਇਦਾ ਤਾਂ ਇਹ ਹੈ ਕਿ ਸਮਾਂ ਸੋਹਣਾ ਲੰਘ ਜਾਂਦਾ ਹੈ। ਸ਼ੁਗਲ ਵਿੱਚ ਕਈ ਆਦਮੀ ਏਨੀ ਮੁਹਾਰਤ ਹਾਸਲ ਕਰ ਲੈਂਦੇ ਹਨ ਕਿ ਉਹਨਾਂ ਨੂੰ ਇਸ ਦਾ ਲਾਭ ਵੀ ਹੁੰਦਾ ਹੈ।ਦਫ਼ਤਰੋਂ ਘਰ ਆ ਕੇ ਘਰੇਲੂ ਬਗੀਚੀ ਵਿੱਚ ਸਬਜ਼ੀਆਂ, ਬੂਟੇ, ਫੁੱਲ ਲਾਉਣਾ ਵੀ ਸ਼ੁਗਲ ਹੀ ਹੈ ਤੇ ਇਸ ਦਾ ਲਾਭ ਇਹ ਹੁੰਦਾ ਹੈ ਕਿ ਅਸੀਂ ਘਰ ਨੂੰ ਫੁੱਲਾਂ-ਬੂਟਿਆਂ ਨਾਲ ਸਜਾ ਲੈਂਦੇ ਹਾਂ ਤੇ ਸਬਜ਼ੀਆਂ ਉਗਾ ਕੇ ਕੁਝ ਬੱਚਤ ਵੀ ਕਰ ਲੈਂਦੇ ਹਾਂ।ਟਿਕਟਾਂ ਇਕੱਠੀਆਂ ਕਰਨੀਆਂ, ਸਿੱਕੇ ਇਕੱਠੇ ਕਰਨੇ ਵੀ ਤਾਂ ਸ਼ੁਗਲ ਹੀ ਹਨ। ਪੁਰਾਣੀਆਂ ਟਿਕਟਾਂ ਤੇ ਸਿੱਕੇ ਮਹਿੰਗੇ ਵਿਕਦੇ ਹਨ- ਨਾਲੇ ਸ਼ੌਕ ਪੂਰਾ ਹੁੰਦਾ ਹੈ ਤੇ ਨਾਲੇ ਇਹ ਆਮਦਨ ਦਾ ਸਾਧਨ ਵੀ ਬਣਦੇ ਹੈ।
ਨੱਚਣਾ-ਗਾਉਣਾ ਵੀ ਤਾਂ ਸ਼ੁਗ਼ਲ ਹੀ ਹੈ ਪਰ ਅੱਜ-ਕੱਲ੍ਹ ਲੋਕ ਸਭ ਤੋਂ ਵੱਧ ਪੈਸਾ ਇਸ ਕੰਮ ਵਿੱਚ ਹੀ ਕਮਾ ਰਹੇ ਹਨ। ਸ਼ੁਗਲ ਦਾ ਸ਼ੁਗਲ ਤੇ ਕਮਾਈ ਵੀ ਵਾਹਵਾ ਹੋ ਜਾਂਦੀ ਹੈ।
ਕੁੱਕੜ, ਕਬੂਤਰ, ਕੁੱਤੇ ਆਦਿਕ ਪੰਛੀ ਤੇ ਜਾਨਵਰ ਪਾਲਣੇ ਤੇ ਉਹਨਾਂ ਬਾਰੇ ਜਾਣਕਾਰੀ ਰੱਖਣੀ ਵੀ ਚੰਗਾ ਸ਼ੁਗਲ ਹੈ । ਇਸ ਸ਼ੁਗ਼ਲ ਨੂੰ ਵੀ ਲੋਕਾਂ ਨੇ ਕਮਾਈ ਦਾ ਸਾਧਨ ਬਣਾਇਆ ਹੋਇਆ ਹੈ।
ਪਤੰਗ ਉਡਾਉਣਾ ਪੰਜਾਬੀਆਂ ਦਾ ਵੱਡਾ ਤੇ ਪੁਰਾਣਾ ਸ਼ੁਗਲ ਹੈ। ਬਸੰਤ ਦੇ ਨੇੜੇ ਲੋਕ ਕੋਠੇ 'ਤੇ ਚੜ੍ਹ ਕੇ ਪਤੰਗ ਉਡਾਉਂਦੇ ਹਨ, ਪਰ ਇਹ ਸ਼ੁਗ਼ਲ ਮੌਸਮੀ ਹੈ।
ਵਿਦਿਆਰਥੀਆਂ ਲਈ ਸ਼ੁਗ਼ਲ ਸਿੱਖਿਆ ਦਾ ਸਾਧਨ ਹੁੰਦੇ ਹਨ। ਵਿਦਿਆਰਥੀਆਂ ਦੇ ਸ਼ੁਗ਼ਲਾਂ ਤੋਂ ਉਹਨਾਂ ਦੇ ਮਾਨਸਿਕ ਝੁਕਾਅ ਦਾ ਪਤਾ ਲੱਗਦਾ ਹੈ। ਸ਼ੁਗਲ ਤੋਂ ਬਿਨਾਂ ਆਦਮੀ ਨਿਕੰਮਾ ਤੇ ਆਲਸੀ ਹੁੰਦਾ ਹੈ।
0 comments: