Punjabi Essay on "Picnic", “ਪਿਕਨਿਕ ਤੇ ਲੇਖ ਪੰਜਾਬੀ”, Punjabi Lekh for Class 5, 6, 7, 8, 9 and 10
ਦਸਹਿਰੇ ਦੀਆਂ ਛੁੱਟੀਆਂ ਸਨ। ਮੈਂ ਤੇ ਮੇਰੀਆਂ ਸਹੇਲੀਆਂ ਨੇ ਪਿਕਨਿਕ ਜਾਣ ਦੀ ਯੋਜਨਾ ਬਣਾਈ। ਸਭ ਸਹੇਲੀਆਂ ਨੇ ਆਪਣੇ-ਆਪਣੇ ਘਰੋਂ ਕੁਝ ਨਾ ਕੁਝ ਖਾਣ ਲਈ ਬਣਾ ਕੇ ਲਿਆਂਦਾ। ਸਾਰੀਆਂ ਸਹੇਲੀਆਂ ਸਾਈਕਲਾਂ 'ਤੇ ਮੇਰੇ ਘਰ ਇਕੱਠੀਆਂ ਹੋ ਗਈਆਂ। ਸਭ ਕੁੜੀਆਂ ਬਣ-ਫਬ ਕੇ ਆਈਆਂ ਸਨ। ਅਸੀਂ ਜ਼ਰੂਰੀ ਚੀਜ਼ਾਂ ਲੈ ਕੇ ਬਾਈ ਸੈਂਟਰ ਤੋਂ ਆਪਣੀਆਂ ਸਾਈਕਲਾਂ 'ਤੇ ਸੁਖਨਾ ਝੀਲ ਪਹੁੰਚ ਗਈਆਂ। ਝੀਲ ਪਾਣੀ ਨਾਲ ਪੂਰੀ ਤਰ੍ਹਾਂ ਭਰੀ ਹੋਈ ਸੀ। ਹੋਰ ਲੋਕ ਵੀ ਸਾਡੇ ਵਾਂਗ ਮੌਜਮਸਤੀ ਲਈ ਉੱਥੇ ਆਏ ਹੋਏ ਸਨ।
ਹਰੇ-ਹਰੇ ਘਾਹ ਉੱਤੇ ਨਵੇਕਲੀ ਥਾਂ ਵੇਖ ਕੇ ਅਸੀਂ ਦੋ ਚਟਾਈਆਂ ਵਿਛਾ ਲਈਆਂ। ਆਪਣੇ ਨਾਲ ਲਿਆਂਦਾ ਸਮਾਨ ਅਸੀਂ ਚਟਾਈਆਂ ਉੱਤੇ ਟਿਕਾ ਦਿੱਤਾ। ਸਭ ਤੋਂ ਪਹਿਲਾਂ ਅਸੀਂ ਜੀਅ ਭਰ ਕੇ ਝੀਲ ਦੇ ਨਜ਼ਾਰੇ ਨੂੰ ਤੱਕਿਆ। ਬਹੁਤ ਸਾਰੇ ਲੋਕ ਕਿਸ਼ਤੀਆਂ ਲੈ ਕੇ ਪਾਣੀ ਵਿੱਚ ਅਨੰਦ ਮਾਣ ਰਹੇ ਸਨ। ਅਸੀਂ ਸਭ ਤੋਂ ਪਹਿਲਾਂ ਰੱਸੀ ਟੱਪਣ ਦੀ ਖੇਡ ਖੇਡੀ। ਫਿਰ ਲੁਕਣ-ਮੀਟੀ ਤੇ ਛੂਹਣ-ਛੁਹਾਈ ਖੇਡੀ ਤੇ ਅਖੀਰ ਥੱਕ ਕੇ ਸਾਰੀਆਂ ਜਣੀਆਂ ਚਟਾਈ ’ਤੇ ਆ ਬੈਠੀਆਂ।
ਅਸੀਂ ਕੜੀ-ਚਾਵਲ, ਪੁਰੀਆਂ-ਛੋਲੇ, ਖੀਰ ਅਤੇ ਫ਼ਲ ਆਦਿ ਖਾਧੇ । ਤਾਸ਼ ਅਤੇ ਲੁੱਡੋ ਖੇਡੀ। ਨਾਲੋ-ਨਾਲ ਚੁਟਕਲੇ ਵੀ ਸੁਣੇ ਤੇ ਸੁਣਾਏ। ਰਿਸ਼ੀ ਨੇ ਪੰਜਾਬੀ ਗੀਤ ਗਾਇਆ, ਪ੍ਰੀਤੀ ਨੇ ਗਜ਼ਲ ਸੁਣਾਈ। ਅਮਨ ਨੇ ਟੱਪੇ ਤੇ ਬੋਲੀਆਂ ਸੁਣਾਈਆਂ। ਅਚਾਨਕ ਇੱਕ ਪਾਸੇ ਤੋਂ ਬਹੁਤ ਸੁਰੀਲੀਆਂ ਧੁਨਾਂ ਦੀ ਅਵਾਜ਼ ਆਈ। ਅਸੀਂ ਮੁੜ ਕੇ ਦੇਖਿਆ ਤਾਂ ਪੁਲਿਸ-ਬੈਂਡ ਵਾਲੇ ਧੁਨਾਂ ਵਜਾ ਰਹੇ ਸਨ ਅਤੇ ਮਾਰਚ ਕਰ ਰਹੇ ਸਨ। ਉਹ ਮਾਰਚ ਕਰਦੇ-ਕਰਦੇ ਵੱਖ-ਵੱਖ ਆਕ੍ਰਿਤੀਆਂ ਬਣਾ ਰਹੇ ਸਨ। ਸਾਨੂੰ ਇਹ ਦੇਖ ਕੇ ਬੜਾ ਮਜ਼ਾ ਆਇਆ।
ਘਰ ਵਾਪਸ ਜਾਣ ਤੋਂ ਪਹਿਲਾਂ ਅਸੀਂ ਆਈਸ-ਕੀਮ ਖਾਧੀ। ਕਈਆਂ ਨੇ ਝੀਲ ਵਿੱਚ ਕਿਸ਼ਤੀ ਰਾਹੀਂ ਸੈਰ ਵੀ ਕੀਤੀ। ਫਿਰ ਆਪਣਾ-ਆਪਣਾ ਸਮਾਨ ਲੈ ਕੇ ਸਾਈਕਲ-ਸਟੈਂਡ ਤੋਂ ਸਾਈਕਲਾਂ ਲਈਆਂ ਤੇ ਖ਼ੁਸ਼ੀ-ਖੁਸ਼ੀ ਆਪੋ-ਆਪਣੇ ਘਰ ਪਹੁੰਚ ਗਈਆਂ। ਸਹੇਲੀਆਂ ਨਾਲ ਮਨਾਈ ਪਿਕਨਿਕ ਦਾ ਆਪਣਾ ਹੀ ਅਨੰਦ ਹੁੰਦਾ ਹੈ। ਮੈਨੂੰ ਇਹ ਪਿਕਨਿਕ ਹਮੇਸ਼ਾਂ ਯਾਦ ਰਹੇਗੀ।