Essay on Importance of Trees in Punjabi Language : In this article, we are providing ਰੁੱਖਾਂ ਦੇ ਲਾਭ ਲੇਖ for students. Punjabi Essay/Paragr...
Punjabi Essay on "Importance of Trees", “ਰੁੱਖਾਂ ਦੇ ਲਾਭ ਲੇਖ”, "Rukha de Labh" Punjabi Essay for Class 5, 6, 7, 8, 9 and 10
ਸਾਡੇ ਜੀਵਨ ਵਿੱਚ ਰੁੱਖਾਂ ਦਾ ਬੜਾ ਹੀ ਮਹੱਤਵ ਹੈ। ਸਾਡੀ ਰੋਜ਼ਾਨਾ ਜ਼ਿੰਦਗੀ ਦੇ ਬਹੁਤ ਸਾਰੇ ਪੱਖ ਰੁੱਖਾਂ 'ਤੇ ਨਿਰਭਰ ਕਰਦੇ ਹਨ। ਰੁੱਖ ਮਨੁੱਖ ਲਈ ਕੁਦਰਤ ਦੀ ਬਹੁਮੁੱਲੀ ਦਾਤ ਹਨ। ਇਹਨਾਂ ਤੋਂ ਮਨੁੱਖਾਂ ਦੀਆਂ ਬਹੁਤ ਸਾਰੀਆਂ ਲੋੜਾਂ ਦੀ ਪੂਰਤੀ ਹੁੰਦੀ ਹੈ। ਮਨੁੱਖ ਦੀ ਮੁਢਲੀ ਲੋੜ ਹੈ-ਕੁੱਲੀ, ਗੁੱਲੀ ਤੇ ਜੁੱਲੀ। ਰੁੱਖ ਸਾਡੀਆਂ ਇਹਨਾਂ ਤਿੰਨਾਂ ਲੋੜਾਂ ਦੀ ਪੂਰਤੀ ਕਰਦੇ ਹਨ।
ਮਨੁੱਖ ਨੂੰ ਜਿਉਂਦੇ ਰਹਿਣ ਲਈ ਭੋਜਨ ਦੀ ਲੋੜ ਹੁੰਦੀ ਹੈ। ਭੋਜਨ ਲਈ ਆਟਾ, ਖੰਡ, ਦਾਲਾਂ, ਘਿਓ, ਮੱਖਣ, ਸਬਜ਼ੀਆਂ ਆਦਿ ਸਭ ਪੌਦਿਆਂ ਤੋਂ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਮਿਲਦੇ ਹਨ। ਕਣਕ, ਗੰਨਾ, ਘਾਹ ਤੇ ਚਾਹ ਆਦਿ ਕਿਸੇ ਨਾ ਕਿਸੇ ਰੂਪ ਵਿੱਚ ਪੌਦਿਆਂ ਦੀ ਹੀ ਦੇਣ ਹਨ। ਭੇਡਾਂ, ਬੱਕਰੀਆਂ ਆਦਿ ਦਰਖ਼ਤਾਂ ਦੇ ਪੱਤੇ ਖਾ ਕੇ ਹੀ ਦੁੱਧ ਦਿੰਦੀਆਂ ਹਨ। ਦੁੱਧ ਤੋਂ ਹੀ ਮੱਖਣ ਤੇ ਪਨੀਰ ਆਦਿ ਬਣਦੇ ਹਨ। ਰੇਸ਼ਮੀ ਕੱਪੜਾ ਸਾਨੂੰ ਰੁੱਖਾਂ ਦੀ ਬਦੌਲਤ ਮਿਲਦਾ ਹੈ ਕਿਉਂਕਿ ਰੇਸ਼ਮ ਦਾ ਕੀੜਾ ਰੁੱਖਾਂ 'ਤੇ ਹੀ ਪਲਦਾ ਹੈ। ਵੈਸੇ ਅੱਜ-ਕੱਲ੍ਹ ਬਣਾਉਟੀ ਰੇਸ਼ੇ ਤੋਂ ਵੀ ਕੱਪੜਾ ਤਿਆਰ ਕੀਤਾ ਜਾਂਦਾ ਹੈ।
ਮਨੁੱਖ ਨੂੰ ਰਹਿਣ ਲਈ ਮਕਾਨ ਦੀ ਲੋੜ ਹੁੰਦੀ ਹੈ। ਮਕਾਨ ਬਣਾਉਣ ਲਈ ਲੱਕੜ ਦੀ ਲੋੜ ਹੁੰਦੀ ਹੈ। ਇਹ ਲੱਕੜ ਸਾਨੂੰ ਰੁੱਖਾਂ ਤੋਂ ਹੀ ਮਿਲਦੀ ਹੈ। ਰੁੱਖ ਸਾਨੂੰ ਮੀਂਹ, ਹਨੇਰੀ ਅਤੇ ਧੁੱਪ ਤੋਂ ਬਚਾਉਂਦੇ ਹਨ। ਪਹਿਲੇ ਸਮਿਆਂ ਵਿੱਚ ਰੁੱਖ ਹੀ ਮਕਾਨ ਹੁੰਦੇ ਸਨ। ਧੁੱਪ, ਮੀਂਹ ਤੇ ਝੱਖੜ ਸਮੇਂ ਦਰਖ਼ਤ ਹੀ ਸ਼ਰਨ ਦਿੰਦੇ ਸਨ।
ਰੁੱਖ ਵਰਖਾ ਲਿਆਉਣ ਵਿੱਚ ਵੀ ਸਹਾਈ ਹੁੰਦੇ ਹਨ। ਮੀਂਹ ਦੇ ਪਾਣੀ ਤੋਂ ਧਰਤੀ ਨੂੰ ਖੁਰਨ ਤੋਂ ਵੀ ਬਚਾਉਂਦੇ ਹਨ ਅਤੇ ਮੀਂਹ ਦੇ ਵਾਧੂ ਪਾਣੀ ਨੂੰ ਚੂਸਦੇ ਹਨ। ਜੰਗਲ ਪਾਣੀ ਦੇ ਪ੍ਰਭਾਵ ਨੂੰ ਘਟਾ ਕੇ ਹੜਾਂ ਨੂੰ ਆਉਣ ਤੋਂ ਵੀ ਰੋਕਦੇ ਹਨ। ਇਸੇ ਤਰ੍ਹਾਂ ਪਹਾੜਾਂ 'ਤੇ ਲੱਗੇ ਦਰਖ਼ਤਾਂ ਦੀਆਂ ਜੜ੍ਹਾਂ ਪਹਾੜਾਂ ਨੂੰ ਖੁਰਨ ਤੋਂ ਬਚਾ ਕੇ ਰੱਖਦੀਆਂ ਹਨ।
ਰੁੱਖਾਂ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਰੁੱਖ ਹਵਾ ਨੂੰ ਸਾਫ਼ ਕਰਦੇ ਹਨ। ਹਵਾ ਹੀ ਸਾਡੇ ਜੀਵਨ ਦਾ ਆਧਾਰ ਹੈ। ਜੇ ਸ਼ੁੱਧ ਹਵਾ ਮਨੁੱਖ ਨੂੰ ਨਾ ਮਿਲੇ ਤਾਂ ਉਹ ਬਹੁਤੀ ਦੇਰ ਤੱਕ ਜੀਵਿਤ ਨਹੀਂ ਰਹਿ ਸਕਦਾ। ਅਸ਼ੁੱਧ ਹਵਾ ਨਾਲ ਬਹੁਤ ਸਾਰੀਆਂ ਬਿਮਾਰੀਆਂ ਵੀ ਫੈਲ ਜਾਂਦੀਆਂ ਹਨ। ਰੁੱਖ ਹਵਾ ਨੂੰ ਸੂਛ ਬਣਾ ਕੇ ਮਨੁੱਖਾਂ ਦੀ ਸਹਾਇਤਾ ਕਰਦੇ ਹਨ। ਇਹ ਗੰਦੀ ਹਵਾ ਵਿੱਚੋਂ ਕਾਰਬਨ ਡਾਇਆਕਸਾਈਡ ਚੂਸ ਲੈਂਦੇ ਹਨ ਅਤੇ ਆਕਸੀਜਨ ਛੱਡਦੇ ਹਨ। ਇਸ ਲਈ ਰੁੱਖ ਹਰ ਮਨੁੱਖ, ਜੀਵ-ਜੰਤੂ ਅਤੇ ਪਸ਼ੂ-ਪੰਛੀ ਦੇ ਜੀਵਨ ਦਾ ਆਧਾਰ ਬਣਦੇ ਹਨ।
ਰੁੱਖਾਂ ਦੇ ਗਲੇ-ਸੜੇ ਪੱਤੇ ਜ਼ਮੀਨ 'ਤੇ ਡਿਗ ਕੇ ਖਾਦ ਬਣ ਜਾਂਦੇ ਹਨ। ਇਸ ਤਰ੍ਹਾਂ ਰੁੱਖਾਂ ਦੇ ਪੱਤੇ ਗੁੱਦਾ, ਕਾਹੀ ਤੇ ਘਾਹ ਆਦਿ ਕਾਗ਼ਜ਼ ਬਣਾਉਣ ਦੇ ਕੰਮ ਆਉਂਦੇ ਹਨ। ਰੁੱਖਾਂ ਦੇ ਸੱਕਾਂ ਪੱਤਿਆਂ ਅਤੇ ਜੜ੍ਹਾਂ ਤੋਂ ਕਈ ਪ੍ਰਕਾਰ ਦੀਆਂ ਦਵਾਈਆਂ ਬਣਦੀਆਂ ਹਨ। ਉਦਾਹਰਨ ਲਈ ਕੁਨੀਨ ਸਿਨਕੋਨਾ ਰੁੱਖ ਦੇ ਛਿਲਕੇ ਤੋਂ ਬਣਦੀ ਹੈ। ਅਖਰੋਟ ਦੇ ਰੁੱਖ ਦਾ ਸੱਕ ਦੰਦਾਂ ਦੇ ਰੋਗਾਂ ਦਾ ਵਧੀਆ ਇਲਾਜ ਹੈ। ਨਿੰਮ ਦੇ ਪੱਤੇ ਫੋੜੇ-ਫਿਣਸੀਆਂ ਲਈ ਉੱਤਮ ਇਲਾਜ ਹਨ। ਹੋਰ ਬਹੁਤ ਸਾਰੀਆਂ ਦੇ ਤੇ ਅੰਗਰੇਜ਼ੀ ਦਵਾਈਆਂ ਰੁੱਖਾਂ ਦੇ ਪੱਤਿਆਂ ਅਤੇ ਜੜ੍ਹਾਂ ਤੋਂ ਬਣਦੀਆਂ ਹਨ।
ਰੁੱਖ ਸਾਨੂੰ ਕਈ ਪ੍ਰਕਾਰ ਦੇ ਫਲ ਦਿੰਦੇ ਹਨ। ਅੰਬ, ਕੇਲਾ, ਅੰਗੂਰ, ਅਨਾਰ, ਸੇਬ, ਨਾਸ਼ਪਾਤੀ, ਸੰਗਤਰਾ, ਲੀਚੀ, ਨਿੰਬੂ, ਖੁਰਮਾਨੀ ਤੇ ਹੋਰ ਬਹੁਤ ਸਾਰੇ ਫਲ ਸਾਨੂੰ ਰੁੱਖਾਂ ਤੋਂ ਹੀ ਪ੍ਰਾਪਤ ਹੁੰਦੇ ਹਨ। ਫਲ ਸਿਹਤ ਲਈ ਜ਼ਰੂਰੀ ਭੋਜਨ ਦਾ ਕੰਮ ਦਿੰਦੇ ਹਨ।
ਰੁੱਖ ਸਾਡੇ ਆਲੇ-ਦੁਆਲੇ ਨੂੰ ਸੁੰਦਰ ਬਣਾਉਣ ਲਈ ਵੀ ਮਹੱਤਵਪੂਰਨ ਹਿੱਸਾ ਪਾਉਂਦੇ ਹਨ। ਬਹੁਤ ਸਾਰੇ ਸੁਗੰਧੀ ਵਾਲੇ ਬੂਟੇ ਸਾਡੇ ਆਲੇ-ਦੁਆਲੇ ਨੂੰ ਮਹਿਕਾਂ ਨਾਲ ਭਰ ਦਿੰਦੇ ਹਨ।
ਰੁੱਖ ਵਰਖਾ ਲਿਆਉਣ ਲਈ, ਮੌਸਮ ਠੰਢਾ ਰੱਖਣ ਲਈ, ਵਾਤਾਵਰਨ ਸਾਫ਼ ਕਰਨ ਲਈ ਅਤੇ ਸਾਡੀਆਂ ਰੋਜ਼ਾਨਾ ਜ਼ਿੰਦਗੀ ਦੀਆਂ ਅਨੇਕਾਂ ਲੋੜਾਂ ਪੂਰੀਆਂ ਕਰਨ ਲਈ ਸਹਾਇਕ ਸਿੱਧ ਹੁੰਦੇ ਹਨ। ਸੰਖੇਪ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਜੀਵਨ ਦਾ ਵਧੇਰੇ ਭਾਗ ਕਿਸੇ ਨਾ ਕਿਸੇ ਢੰਗ ਨਾਲ ਰੁੱਖਾਂ ਉੱਪਰ ਹੀ ਨਿਰਭਰ ਕਰਦਾ ਹੈ। ਆਪਣੇ ਜੀਵਨ ਦਾ ਭਵਿਖ ਸੁਰੱਖਿਅਤ ਰੱਖਣ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ। ਇਸ ਮਨੋਰਥ ਲਈ ਹੀ ਵਣ-ਮਹਾਂਉਤਸਵ ਮਨਾਇਆ ਜਾਂਦਾ ਹੈ। ਇਸ ਦਿਨ ਰੁੱਖ ਲਾਏ ਜਾਂਦੇ ਹਨ ਅਤੇ ਰੁੱਖਾਂ ਦੀ ਸੰਭਾਲ ਦਾ ਪ੍ਰਣ ਕੀਤਾ ਜਾਂਦਾ ਹੈ।
COMMENTS