Punjabi Essay on "Mai Bhago", “ਮਾਈ ਭਾਗੋ ਲੇਖ ਪੰਜਾਬੀ” Punjabi Essay for Class 5, 6, 7, 8, 9 and 10
ਇਤਿਹਾਸ ਵਿੱਚ ਮਾਈ ਭਾਗੋ ਦਾ ਨਾਂ ਬੜੇ ਮਾਣ-ਸਤਿਕਾਰ ਨਾਲ ਲਿਆ ਜਾਂਦਾ ਹੈ। ਆਪ ਦਾ ਜਨਮ ਤਰਨਤਾਰਨ ਜ਼ਿਲ੍ਹੇ ਦੇ ਝਬਾਲ ਪਿੰਡ ਵਿਖੇ ਪਿਤਾ ਸ੍ਰੀ ਮਾਲੋ ਸ਼ਾਹ ਜੀ ਦੇ ਘਰ ਹੋਇਆ।ਇਕਲੌਤੀ ਧੀ ਹੋਣ ਕਰਕੇ ਉਹਨਾਂ ਦਾ ਨਾਂ ਭਾਗਭਰੀ ਰੱਖਿਆ ਗਿਆ ਜੋ ਬਾਅਦ ਵਿੱਚ ‘ਮਾਈ ਭਾਗੋ ਦੇ ਨਾਂ ਨਾਲ ਪ੍ਰਸਿੱਧ ਹੋਏ।ਉਹਨਾਂ ਦਾ ਸੁਭਾਅ ਬਚਪਨ ਤੋਂ ਹੀ ਬੜਾ ਦਲੇਰੀ ਭਰਿਆ ਸੀ। ਆਪ ਜੀ ਦੇ ਪਿਤਾ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਫ਼ੌਜ ਵਿੱਚ ਸ਼ਾਮਲ ਹੋ ਕੇ ਮੁਗਲਾਂ ਵਿਰੁੱਧ ਜੰਗ ਲੜੇ। ਬਹਾਦਰੀ, ਹੌਸਲਾ ਅਤੇ ਸਿੱਖੀ ਪਿਆਰ ਉਹਨਾਂ ਨੂੰ ਵਿਰਸੇ ਵਿੱਚੋਂ ਮਿਲਿਆ। ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਿੱਖਾਂ ਨੂੰ ਦਿੱਤੀ ਜਾਂਦੀ ਸ਼ਸਤਰ-ਵਿੱਦਿਆ ਬਾਰੇ ਸੁਣਿਆ ਹੋਇਆ ਸੀ। ਇਸ ਤੋਂ ਪ੍ਰਭਾਵਿਤ ਹੋ ਕੇ ਮਾਈ ਭਾਗੋ ਨੇ ਘਰ ਵਿੱਚ ਹੀ ਨੇਜ਼ੇਬਾਜ਼ੀ ਦੀ ਸਿਖਲਾਈ ਅਰੰਭ ਦਿੱਤੀ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਕੁਰਬਾਨੀ ਅਤੇ ਸਿੱਖਾਂ ਨਾਲ ਹੋ ਰਹੀ ਬੇਇਨਸਾਫ਼ੀ ਦਾ ਉਹਨਾਂ ਦੇ ਮਨ 'ਤੇ ਡੂੰਘਾ ਅਸਰ ਹੋਇਆ। ਉਹਨਾਂ ਨੇ ਅਜਿਹੇ ਅਨਿਆਂ ਵਿਰੁੱਧ ਲੜਨ ਦਾ ਫ਼ੈਸਲਾ ਕੀਤਾ।
ਜਦੋਂ ਸ੍ਰੀ ਅਨੰਦਪੁਰ ਸਾਹਿਬ ਦਾ ਯੁੱਧ ਚੱਲ ਰਿਹਾ ਸੀ।ਮੁਗਲਾਂ ਅਤੇ ਪਹਾੜੀ ਰਾਜਿਆਂ ਦੀ ਫ਼ੌਜ ਨੇ ਸ੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਹੋਇਆ ਸੀ। ਕਿਲ੍ਹੇ ਅੰਦਰ ਰਸਦ-ਪਾਣੀ ਦੀ ਘਾਟ ਕਾਰਨ ਔਖਾ ਵੇਲਾ ਬਣਿਆ ਹੋਇਆ ਸੀ। ਅਜਿਹੇ ਮੌਕੇ ਕੁਝ ਸਿੱਖ ਗੁਰੂ ਜੀ ਨੂੰ ਬੇਦਾਵਾ ਦੇ ਕੇ ਘਰਾਂ ਨੂੰ ਵਾਪਸ ਆ ਗਏ। ਜਦੋਂ ਇਹ ਸਿੱਖ ਆਪਣੇ ਘਰੀਂ ਪਹੁੰਚੇ ਤਾਂ ਉਹਨਾਂ ਦੀਆਂ ਮਾਵਾਂ, ਭੈਣਾਂ ਅਤੇ ਪਤਨੀਆਂ ਉਹਨਾਂ ਨੂੰ ਲਾਹਨਤਾਂ ਪਾਉਣ ਲੱਗੀਆਂ। ਜਦੋਂ ਇਹਨਾਂ ਸਿੱਖਾਂ ਦਾ ਮੇਲ ਮਾਈ ਭਾਗੋ ਜੀ ਨਾਲ ਹੋਇਆ ਤਾਂ ਉਹਨਾਂ ਵੰਗਾਰ ਕੇ ਕਿਹਾ, “ਅਸੀਂ ਮੈਦਾਨ `ਚ ਜਾ ਕੇ ਲੜਾਂਗੀਆਂ, ਤੁਸੀਂ ਘਰ ਬੈਠੋ। ਮਾਈ ਭਾਗੋ ਦੇ ਅਜਿਹੇ ਬੋਲਾਂ ਨੇ ਬੇਦਾਵਾ ਲਿਖਣ ਵਾਲੇ ਸਿੰਘਾਂ ਦੀ ਆਤਮਾ ਨੂੰ ਝੰਜੋੜਿਆ।
ਬੇਦਾਵੀਏ ਸਿੰਘ ਮਾਈ ਭਾਗੋ ਜੀ ਦੀ ਪ੍ਰੇਰਨਾ ਸਦਕਾ ਗੁਰੂ ਜੀ ਦੀ ਭਾਲ ਵਿੱਚ ਖਿਦਰਾਣੇ ਦੀ ਢਾਬ ਵਿਖੇ ਪਹੁੰਚੇ। ਸੂਬਾ ਸਰਹਿੰਦ ਵਜ਼ੀਰ ਖਾਂ ਦੀਆਂ ਫ਼ੌਜਾਂ ਪਿੱਛਾ ਕਰਦੀਆਂ ਆ ਰਹੀਆਂ ਸਨ। ਢਾਬ ਦੇ ਨੇੜੇ ਸਿੱਖਾਂ ਨੇ ਮੋਰਚੇ ਸੰਭਾਲ਼ ਲਏ। ਦੋਹਾਂ ਧਿਰਾਂ ਦਰਮਿਆਨ ਗਹਿਗੱਚ ਲੜਾਈ ਹੋਈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਮੁਗ਼ਲ ਸਾਮਰਾਜ ਖ਼ਿਲਾਫ਼ ਲੜੀ ਜਾਣ ਵਾਲੀ ਇਸ ਲੜਾਈ ਵਿੱਚ ਇਹਨਾਂ ਬੇਦਾਵੀਆਂ ਨੇ ਬੜੀ ਵਿਉਂਤਬੰਦੀ ਅਤੇ ਬਹਾਦਰੀ ਨਾਲ ਹਿੱਸਾ ਲਿਆ ਅਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਗੁਰੂ ਜੀ ਨੇ ਨੇੜੇ ਦੀ ਇੱਕ ਟਿੱਬੀ ਤੋਂ ਤੀਰਾਂ ਦੀ ਅਜਿਹੀ ਵਰਖਾ ਕੀਤੀ ਕਿ ਦੁਸ਼ਮਣ ਫ਼ੌਜ ਨੂੰ ਭਾਜੜਾਂ ਪੈ ਗਈਆਂ।
ਮਾਈ ਭਾਗੋ ਜੀ ਇਸ ਲੜਾਈ ਵਿੱਚ ਬੜੀ ਦਲੇਰੀ ਨਾਲ ਲੜੇ ਅਤੇ ਗੰਭੀਰ ਜ਼ਖ਼ਮੀ ਹੋ ਗਏ ।ਗੁਰੂ ਜੀ ਨੇ ਟਿੱਬੀ ਤੋਂ ਹੇਠਾਂ ਉੱਤਰ ਕੇ ਇਕੱਲੇ-ਇਕੱਲੇ ਸ਼ਹੀਦ ਸਿੱਖ ਨੂੰ ਛਾਤੀ ਨਾਲ ਲਾਇਆ। ਜਦੋਂ ਗੁਰੂ ਜੀ ਅੱਗੇ ਵਧੇ ਤਾਂ ਇਹਨਾਂ ਵਿੱਚੋਂ ਭਾਈ ਮਹਾਂ ਸਿੰਘ ਸਹਿਕ ਰਹੇ ਸਨ।ਮੂੰਹ ਵਿੱਚ ਜਲ ਪਾਇਆ ਅਤੇ ਗੁਰੂ ਜੀ ਨੇ ਮਹਾਂ ਸਿੰਘ ਨੂੰ ਆਪਣੀ ਇੱਛਾ ਦੱਸਣ ਲਈ ਕਿਹਾ। ਮਹਾਂ ਸਿੰਘ ਨੇ ਕਿਹਾ, “ਪਿਤਾ ਜੀ, ਜੇ ਖ਼ੁਸ਼ ਹੋ ਤਾਂ ਬੇਦਾਵੇ ਵਾਲਾ ਕਾਗ਼ਜ਼ ਪਾੜ ਦਿਓ।’’ ਗੁਰੂ ਜੀ ਨੇ ਬੇਦਾਵਾ ਪਾੜ ਕੇ ਟੁੱਟੀ ਗੰਢ ਦਿੱਤੀ ਅਤੇ ਸਿੰਘਾਂ ਨੂੰ ਮੁਕਤੀ ਦਾ ਵਰ ਦਿੱਤਾ। ਉਹਨਾਂ ਨੇ ਖਿਦਰਾਣੇ ਦੀ ਢਾਬ ਨੂੰ ਮੁਕਤਸਰ ਦਾ ਨਾਂ ਬਖ਼ਸ਼ਿਆ। ਇੱਥੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸਸ਼ੋਭਿਤ ਹੈ ਜਿੱਥੇ ਸ੍ਰੀ ਦਸਮੇਸ਼ ਜੀ ਨੇ ਚਾਲੀ ਮੁਕਤਿਆਂ ਦਾ ਅੰਤਿਮ ਸਸਕਾਰ ਆਪਣੇ ਹੱਥੀਂ ਕੀਤਾ, ਉੱਥੇ ਸਰੋਵਰ ਦੇ ਕਿਨਾਰੇ ਗੁਰਦਵਾਰਾ ਸ਼ਹੀਦ ਗੰਜ ਸਾਹਿਬ ਸਥਿਤ ਹੈ। ਹਰ ਸਾਲ ਦੇਸ-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਇਸ ਪਾਵਨ ਅਸਥਾਨ 'ਤੇ ਹਾਜ਼ਰੀਆਂ ਭਰਦੀਆਂ ਹਨ ਮਾਈ ਭਾਗੋ ਜੀ ਦੀ ਪ੍ਰੇਰਨਾ ਨਾਲ਼ ਮਾਝੇ ਦੇ ਸਿੱਖਾਂ ਦਾ ਗੁਰੂ ਜੀ ਨਾਲ ਦੁਬਾਰਾ ਮੇਲ ਹੋਇਆ। ਇਹਨਾਂ ਚਾਲੀ ਮੁਕਤਿਆਂ ਨੂੰ ਰੋਜ਼ਾਨਾ ਦੀ ਅਰਦਾਸ ਵਿੱਚ ਯਾਦ ਕੀਤਾ ਜਾਂਦਾ ਹੈ। ਸ੍ਰੀ ਮੁਕਤਸਰ ਸਾਹਿਬ ਵਿਖੇ ਉਸ ਅਸਥਾਨ 'ਤੇ ਮਾਈ ਭਾਗੋ ਜੀ ਦਾ ਗੁਰਦਵਾਰਾ ਸਸ਼ੋਭਿਤ ਹੈ ਜਿੱਥੇ ਉਹਨਾਂ ਨੇ ਜ਼ਾਲਮਾਂ ਦਾ ਡਟ ਕੇ ਮੁਕਾਬਲਾ ਕੀਤਾ ਸੀ।
ਮਾਈ ਭਾਗੋ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਦਮਦਮਾ ਸਾਹਿਬ ਤੋਂ ਬਾਅਦ ਦੱਖਣ ਵੱਲ ਨੂੰ ਚੱਲ ਪਏ ਅਤੇ ਨਾਂਦੇੜ ਪਹੁੰਚੇ। ਨਾਂਦੇੜ ਵਿਖੇ ਆ ਕੇ ਗੁਰੂ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਭੇਜਿਆ। ਮਾਈ ਭਾਗੋ ਜੀ ਨਾਂਦੇੜ ਵਿਖੇ ਭਜਨ-ਬੰਦਗੀ ਕਰਦੇ ਰਹੇ।ਇੱਥੇ ਮਾਤਾ ਜੀ ਦੀ ਯਾਦ ਵਿੱਚ ਤਪ-ਅਸਥਾਨ ਹੈ। ਗੁਰੂ ਜੀ ਦੇ ਜੋਤੀ-ਜੋਤ ਸਮਾਉਣ ਪਿੱਛੋਂ ਬਿਦਰ ਦੇ ਇਲਾਕੇ ਵਿੱਚ ਧਰਮ-ਪ੍ਰਚਾਰ ਕਰਦੇ ਰਹੇ ਅਤੇ ਨਾਮ-ਬੰਦਗੀ ਕਰਦੇ ਪਿੰਡ ਜਿੰਦਵਾੜਾ ਵਿਖੇ ਗੁਰੂ-ਚਰਨਾਂ ਵਿੱਚ ਜਾ ਬਿਰਾਜੇ।ਇਸ ਸਥਾਨ 'ਤੇ ਮਾਈ ਭਾਗੋ ਜੀ ਦੀ ਯਾਦ ਵਿੱਚ ਇੱਕ ਗੁਰਦਵਾਰਾ ਸਾਹਿਬ ਸੁਸ਼ੋਭਿਤ ਹੈ। ਅੱਜ-ਕੱਲ੍ਹ ਮਾਈ ਭਾਗੋ ਜੀ ਦੇ ਨਾਂ ਤੇ ਬਹੁਤ ਸਾਰੇ ਵਿੱਦਿਅਕ ਅਤੇ ਹੋਰ ਅਦਾਰੇ ਚੱਲ ਰਹੇ ਹਨ। ਮਾਈ ਭਾਗੋ ਜੀ ਦਾ ਜੀਵਨ ਆਉਣ ਵਾਲੀਆਂ ਪੀੜੀਆਂ ਲਈ ਹਮੇਸ਼ਾਂ ਪ੍ਰੇਰਨਾਦਾਇਕ ਬਣਿਆ ਰਹੇਗਾ।