Punjabi Essay on "Guru Nanak Dev Ji", “ਸ੍ਰੀ ਗੁਰੂ ਨਾਨਕ ਦੇਵ ਜੀ ਦਾ ਲੇਖ” Punjabi Lekh for Class 5, 6, 7, 8, 9 and 10
ਸ੍ਰੀ ਗੁਰੁ ਨਾਨਕ ਦੇਵ ਜੀ ਦਾ ਜਦੋਂ ਆਗਮਨ ਹੋਇਆ ਤਾਂ ਸਭ ਪਾਸੇ ਜ਼ੁਲਮ ਤੇ ਅੱਤਿਆਚਾਰ ਹੋ ਰਿਹਾ ਸੀ। ਪੰਦਰਵੀ ਸਦੀ ਦੇ ਰਾਜੇ ਪਰਜਾ ’ਤੇ ਘੋਰ ਅੱਤਿਆਚਾਰ ਕਰ ਰਹੇ ਸਨ। ਉਸ ਸਮੇਂ ਗੁਰੂ ਨਾਨਕ ਦੇਵ ਜੀ ਇੱਕ ਮਸੀਹਾ ਬਣ ਕੇ ਇਸ ਧਰਤੀ 'ਤੇ ਆਏ। ਆਪ ਦੇ ਆਉਣ ਨਾਲ ਸਭ ਪਾਸੇ ਚਾਨਣ ਹੀ ਚਾਨਣ ਹੋ ਗਿਆ। ਭਾਈ ਗੁਰਦਾਸ ਜੀ ਆਪ ਦੇ ਜਨਮ ਬਾਰੇ ਲਿਖਦੇ ਹਨ :
“ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਧ ਜਗ ਚਾਨਣੁ ਹੋਆ”
ਜਿਉ ਕਰਿ ਸੂਰਜ ਨਿਕਲਿਆ, ਤਾਰੇ ਛਪਿ ਅੰਧੇਰ ਪਲੋਆ।
ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ ਸਨ।ਉਹਨਾਂ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਨੂੰ 1469 ਈ. ਨੂੰ ਰਾਇ ਭੋਇ ਦੀ ਤਲਵੰਡੀ (ਪਾਕਿਸਤਾਨ) ਵਿਖੇ ਹੋਇਆ। ਇਹ ਸਥਾਨ ਅੱਜ-ਕੱਲ੍ਹ ਨਨਕਾਣਾ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੈ। ਆਪ ਦੇ ਪਿਤਾ ਦਾ ਨਾਂ ਮਹਿਤਾ ਕਾਲੂ ਅਤੇ ਮਾਤਾ ਦਾ ਨਾਂ ਤ੍ਰਿਪਤਾ ਸੀ। ਸੱਤ ਸਾਲ ਦੀ ਉਮਰ ਵਿੱਚ ਆਪ ਨੂੰ ਸਕੂਲ ਵਿੱਚ ਪਾਂਧੇ ਕੋਲ ਪੜ੍ਹਨ ਲਈ ਭੇਜਿਆ ਗਿਆ। ਆਪ ਨੇ ਆਪਣੇ ਉੱਚੇ ਵਿਚਾਰਾਂ ਨਾਲ਼ ਪਾਂਧੇ ਨੂੰ ਬਹੁਤ ਪ੍ਰਭਾਵਿਤ ਕੀਤਾ।
ਬਚਪਨ ਤੋਂ ਹੀ ਆਪ ਦਾ ਮਨ ਦੁਨਿਆਵੀ ਕੰਮਾਂ ਵਿੱਚ ਨਹੀਂ ਸੀ ਲੱਗਦਾ। ਪਿਤਾ ਨੇ ਆਪ ਦਾ ਧਿਆਨ ਦੁਨਿਆਵੀ ਕੰਮਾਂ ਵਿੱਚ ਲਾਉਣ ਲਈ ਬਹੁਤ ਯਤਨ ਕੀਤੇ।ਉਹਨਾਂ ਨੇ ਪਹਿਲਾਂ ਆਪ ਨੂੰ ਮੱਝਾਂ ਚਾਰਨ ਲਈ ਭੇਜਿਆ। ਫਿਰ ਇੱਕ ਦਿਨ ਉਹਨਾਂ ਨੇ ਆਪ ਨੂੰ ਵੀਹ ਰੁਪਏ ਕੋਈ ਚੰਗਾ ਜਿਹਾ ਵਪਾਰ ਕਰਨ ਲਈ ਦਿੱਤੇ। ਜਦੋਂ ਆਪ ਸ਼ਹਿਰ ਜਾ ਰਹੇ ਸਨ ਤਾਂ ਰਸਤੇ ਵਿੱਚ ਕੁਝ ਭੁੱਖੇ ਸਾਧੂ ਮਿਲ ਗਏ। ਆਪ ਨੇ ਉਹਨਾਂ ਰੁਪਈਆਂ ਦਾ ਰਾਸ਼ਨ ਲਿਆ ਕੇ ਭੁੱਖੇ ਸਾਧੂਆਂ ਨੂੰ ਭੋਜਨ ਖੁਆ ਦਿੱਤਾ। ਜਦੋਂ ਖ਼ਾਲੀ ਹੱਥ ਵਾਪਸ ਆਏ ਤਾਂ ਪਿਤਾ ਜੀ ਆਪ ਨਾਲ ਬਹੁਤ ਨਰਾਜ਼ ਹੋਏ। ਆਪ ਨੇ ਸਿਰਫ਼ ਏਨਾ ਹੀ ਕਿਹਾ ਕਿ ਉਹ ਇੱਕ ਸੱਚਾ ਸੌਦਾ ਕਰਕੇ ਆਏ ਹਨ।
ਆਪ ਦੀ ਭੈਣ ਬੇਬੇ ਨਾਨਕੀ ਸੁਲਤਾਨਪੁਰ ਲੋਧੀ ਰਹਿੰਦੇ ਸਨ। ਆਪ ਆਪਣੀ ਭੈਣ ਕੋਲ ਸੁਲਤਾਨਪੁਰ ਲੋਧੀ ਆ ਗਏ। ਆਪ ਦੇ ਭਣੋਈਏ ਜੈ ਰਾਮ ਨੇ ਆਪ ਨੂੰ ਨਵਾਬ ਦੌਲਤ ਖਾਂ ਲੋਧੀ ਦੇ ਮੋਦੀਖ਼ਾਨੇ ਵਿੱਚ ਨੌਕਰੀ 'ਤੇ ਲਵਾ ਦਿੱਤਾ।
ਆਪ ਦਾ ਵਿਆਹ ਬੀਬੀ ਸੁਲੱਖਣੀ ਨਾਲ ਹੋਇਆ। ਆਪ ਦੇ ਘਰ ਦੋ ਸਪੁੱਤਰ ਬਾਬਾ ਸ੍ਰੀ ਚੰਦ ਤੇ ਬਾਬਾ ਲੱਖਮੀ ਦਾਸ ਪੈਦਾ ਹੋਏ।
ਆਪ ਨੇ ਚਾਰ ਦਿਸ਼ਾਵਾਂ ਵਿੱਚ ਚਾਰ ਉਦਾਸੀਆਂ ਕੀਤੀਆਂ। ਆਪ ਨੇ ਪਿੰਡ-ਪਿੰਡ, ਸ਼ਹਿਰਸ਼ਹਿਰ ਘੁੰਮ ਕੇ ਆਪਣੇ ਵਿਚਾਰਾਂ ਨਾਲ ਭੁੱਲੀ-ਭਟਕੀ ਜਨਤਾ ਨੂੰ ਸਿੱਧੇ ਰਾਹ ਪਾਇਆ। ਆਪ ਨੇ ਲੋਕਾਂ ਨੂੰ ਉਪਦੇਸ਼ ਦਿੱਤਾ ਕਿ ਰੱਬ ਇੱਕ ਹੈ ਜੋ ਕਣ-ਕਣ ਵਿੱਚ ਵੱਸਦਾ ਹੈ। ਆਪ ਨੇ ਲੋਕਾਂ ਨੂੰ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦਾ ਸੰਦੇਸ਼ ਦਿੱਤਾ। ਆਪ ਨੇ ਔਰਤ ਨੂੰ ਵੱਧ ਤੋਂ ਵੱਧ ਸਤਿਕਾਰ ਦੇਣ ਦਾ ਉਪਦੇਸ਼ ਦਿੱਤਾ।
ਗੁਰੂ ਜੀ ਇੱਕ ਮਹਾਨ ਕਵੀ ਅਤੇ ਸੰਗੀਤਕਾਰ ਸਨ। ਆਪ ਨੇ 19 ਰਾਗਾਂ ਵਿੱਚ ਬਾਣੀ ਰਚੀ ਜੋ ਸ੍ਰੀ ਗੁਰੁ ਗ੍ਰੰਥ ਸਾਹਿਬ ਵਿੱਚ ਦਰਜ ਹੈ।‘ਜਪੁਜੀ ਆਪ ਦੀ ਮਹਾਨ ਰਚਨਾ ਹੈ। ਆਪ ਦੀ ਬਾਣੀ ਦੀਆਂ ਬਹੁਤ ਸਾਰੀਆਂ ਤੁਕਾਂ ਅਖਾਣਾਂ ਵਾਂਗ ਲੋਕਾਂ ਦੇ ਮੂੰਹਾਂ 'ਤੇ ਚੜ੍ਹੀਆਂ ਹੋਈਆਂ ਹਨ, ਜਿਵੇਂ : -
ਮਨਿ ਜੀਤੈ ਜਗੁ ਜੀਤ॥
ਨਾਨਕ ਦੁਖੀਆ ਸਭ ਸੰਸਾਰ।
ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ
ਗੁਰੂ ਸਾਹਿਬ ਇੱਕ ਨਿਡਰ ਦੇਸ-ਭਗਤ ਸਨ। ਉਹਨਾਂ ਨੇ ਬਾਬਰ ਦੀ ਲੁੱਟ-ਖਸੁੱਟ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ।
ਅੰਤ ਆਪ 7 ਸਤੰਬਰ, 1539 ਈ. ਨੂੰ ਜੋਤੀ-ਜੋਤ ਸਮਾ ਗਏ। ਆਪ ਨੇ ਆਪਣੀ ਗੁਰਗੱਦੀ ਦੇ ਵਾਰਸ ਭਾਈ ਲਹਿਣਾ ਜੀ ਨੂੰ ਚੁਣਿਆ ਜੋ ਸਿੱਖ ਧਰਮ ਦੇ ਦੂਜੇ ਗੁਰੂ, ਗੁਰੂ ਅੰਗਦ ਦੇਵ ਜੀ ਸਦਾਏ।